Deuteronomy 12 (IRVP)
1 ਇਹ ਉਹ ਬਿਧੀਆਂ ਅਤੇ ਕਨੂੰਨ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਸਾਰੇ ਜੀਵਨ ਅਰਥਾਤ ਜਦੋਂ ਤੱਕ ਤੁਸੀਂ ਜੀਉਂਦੇ ਰਹੋਗੇ, ਉਸ ਦੇਸ਼ ਵਿੱਚ ਪੂਰਾ ਕਰਨਾ ਹੈ, ਜਿਹੜਾ ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ। 2 ਜਿਨ੍ਹਾਂ ਕੌਮਾਂ ਨੂੰ ਤੁਸੀਂ ਕੱਢਣਾ ਹੈ, ਉਨ੍ਹਾਂ ਦੇ ਲੋਕ ਉੱਚੇ ਪਹਾੜਾਂ ਉੱਤੇ, ਟਿੱਲਿਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਰਥਾਤ ਜਿਸ ਕਿਸੇ ਸਥਾਨ ਵਿੱਚ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ, ਤੁਸੀਂ ਉਨ੍ਹਾਂ ਸਥਾਨਾਂ ਦਾ ਪੂਰੀ ਤਰ੍ਹਾਂ ਨਾਲ ਨਾਸ ਕਰਨਾ ਹੈ। 3 ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਣਾ, ਉਹਨਾਂ ਦੇ ਥੰਮ੍ਹਾਂ ਨੂੰ ਚੂਰ-ਚੂਰ ਕਰ ਦੇਣਾ, ਉਹਨਾਂ ਦੀ ਅਸ਼ੇਰਾਹ ਦੇਵੀ ਦੀਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਮੂਰਤਾਂ ਨੂੰ ਤੋੜ ਸੁੱਟਣਾ ਅਤੇ ਉਹਨਾਂ ਦਾ ਨਾਮ ਉਸ ਦੇਸ਼ ਵਿੱਚੋਂ ਮਿਟਾ ਦੇਣਾ। 4 ਜਿਵੇਂ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਨਾ ਕਰਨਾ। 5 ਪਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਗੋਤਾਂ ਦੇ ਵਿੱਚੋਂ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਸੀਂ ਉਸ ਦੇ ਉਸੇ ਡੇਰੇ ਨੂੰ ਭਾਲਣਾ ਅਤੇ ਉੱਥੇ ਹੀ ਜਾਇਆ ਕਰਨਾ। 6 ਉੱਥੇ ਹੀ ਤੁਸੀਂ ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਸੁੱਖਣਾ ਦੀਆਂ ਭੇਟਾਂ, ਆਪਣੀਆਂ ਖੁਸ਼ੀ ਦੀਆਂ ਭੇਟਾਂ ਅਤੇ ਆਪਣੇ ਚੌਣਿਆਂ ਅਤੇ ਇੱਜੜਾਂ ਦੇ ਪਹਿਲੌਠੇ ਲੈ ਕੇ ਜਾਇਆ ਕਰਨਾ, 7 ਅਤੇ ਉੱਥੇ ਹੀ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਆ ਕਰਨਾ ਅਤੇ ਆਪਣੇ-ਆਪਣੇ ਘਰਾਣੇ ਸਮੇਤ ਆਪਣੇ ਹੱਥਾਂ ਦੇ ਹਰੇਕ ਕੰਮ ਦੇ ਕਾਰਨ, ਜਿਸ ਉੱਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ, ਖੁਸ਼ੀ ਮਨਾਇਓ। 8 ਉੱਥੇ ਤੁਸੀਂ ਅਜਿਹਾ ਕੋਈ ਕੰਮ ਨਾ ਕਰਨਾ ਜਿਵੇਂ ਅਸੀਂ ਇੱਥੇ ਕਰਦੇ ਹਾਂ, ਅਰਥਾਤ ਜੋ ਕੁਝ ਜਿਸ ਨੂੰ ਠੀਕ ਲੱਗਦਾ ਹੈ, ਉਹ ਉਹੀ ਕਰਦਾ ਹੈ। 9 ਕਿਉਂ ਜੋ ਤੁਸੀਂ ਹੁਣ ਤੱਕ ਉਸ ਅਰਾਮ ਦੇ ਸਥਾਨ ਵਿੱਚ ਨਹੀਂ ਪਹੁੰਚੇ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ। 10 ਜਦ ਤੁਸੀਂ ਯਰਦਨ ਪਾਰ ਜਾ ਕੇ ਉਸ ਦੇਸ਼ ਵਿੱਚ ਵੱਸ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਅਰਾਮ ਦੇਵੇ ਤਾਂ ਜੋ ਤੁਸੀਂ ਸ਼ਾਂਤੀ ਨਾਲ ਵੱਸ ਜਾਓ, 11 ਤਦ ਤੁਸੀਂ ਉਸ ਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਮਨ ਭਾਉਂਦੀਆਂ ਸੁੱਖਣਾ ਦੀਆਂ ਭੇਟਾਂ, ਜਿਹੜੀਆਂ ਤੁਸੀਂ ਯਹੋਵਾਹ ਲਈ ਸੁੱਖੀਆਂ ਹਨ, ਅਰਥਾਤ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਉਹ ਸਭ ਕੁਝ ਲਿਆਇਆ ਕਰਨਾ। 12 ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਦਾਸ, ਤੁਹਾਡੀਆਂ ਦਾਸੀਆਂ ਸਭ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਨੰਦ ਕਰਨ ਅਤੇ ਉਹ ਲੇਵੀ ਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ, ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ। 13 ਖ਼ਬਰਦਾਰ ਰਹੋ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਜਿੱਥੇ ਕਿਤੇ ਤੁਹਾਨੂੰ ਚੰਗਾ ਲੱਗੇ, ਉੱਥੇ ਨਾ ਚੜ੍ਹਾਇਓ, 14 ਪਰ ਉਸ ਸਥਾਨ ਵਿੱਚ ਹੀ ਜਿਹੜਾ ਯਹੋਵਾਹ ਤੁਹਾਡੇ ਕਿਸੇ ਗੋਤ ਵਿੱਚੋਂ ਚੁਣੇ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਚੜ੍ਹਾਇਓ ਅਤੇ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ, ਉੱਥੇ ਉਹ ਹੀ ਕਰਿਓ। 15 ਪਰ ਤੁਸੀਂ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਪੂਰੀ ਇੱਛਾ ਅਤੇ ਉਸ ਬਰਕਤ ਦੇ ਅਨੁਸਾਰ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ, ਪਸ਼ੂ ਨੂੰ ਵੱਢ ਕੇ ਖਾਇਓ। ਸ਼ੁੱਧ ਅਤੇ ਅਸ਼ੁੱਧ ਦੋਵੇਂ ਮਨੁੱਖ ਉਸ ਨੂੰ ਖਾ ਸਕਦੇ ਹਨ, ਜਿਵੇਂ ਚਿਕਾਰੇ ਅਤੇ ਹਿਰਨ ਨੂੰ ਖਾਂਦੇ ਹਨ। 16 ਪਰ ਉਸ ਦਾ ਲਹੂ ਤੁਸੀਂ ਨਾ ਖਾਣਾ, ਉਸ ਨੂੰ ਪਾਣੀ ਦੀ ਤਰ੍ਹਾਂ ਭੂਮੀ ਉੱਤੇ ਡੋਲ੍ਹ ਦੇਣਾ। 17 ਪਰ ਤੁਸੀਂ ਆਪਣਾ ਅੰਨ, ਨਵੀਂ ਮਧ, ਤੇਲ ਦਾ ਦਸਵੰਧ, ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ, ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ, ਖੁਸ਼ੀ ਦੀਆਂ ਭੇਟਾਂ ਅਤੇ ਚੁੱਕਣ ਦੀਆਂ ਭੇਟਾਂ ਨੂੰ ਆਪਣੇ ਫਾਟਕਾਂ ਦੇ ਅੰਦਰ ਕਦੇ ਵੀ ਨਾ ਖਾਣਾ, 18 ਪਰ ਉਨ੍ਹਾਂ ਨੂੰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ, ਆਪਣੇ ਪੁੱਤਰਾਂ, ਧੀਆਂ, ਆਪਣੇ ਦਾਸ-ਦਾਸੀਆਂ ਅਤੇ ਉਸ ਲੇਵੀ ਸਮੇਤ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ, ਉਸ ਸਥਾਨ ਵਿੱਚ ਖਾਣਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਪਣੇ ਹੱਥ ਦੇ ਸਾਰੇ ਕੰਮਾਂ ਲਈ ਅਨੰਦ ਕਰਨਾ। 19 ਸਾਵਧਾਨ ਰਹੋ ਕਿ ਜਦ ਤੱਕ ਤੁਸੀਂ ਆਪਣੀ ਭੂਮੀ ਉੱਤੇ ਜੀਉਂਦੇ ਹੋ, ਤਦ ਤੱਕ ਤੁਸੀਂ ਲੇਵੀ ਨੂੰ ਕਦੀ ਨਾ ਭੁੱਲਿਓ। 20 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇਗਾ, ਅਤੇ ਤੁਸੀਂ ਆਖੋ ਕਿ ਅਸੀਂ ਮਾਸ ਖਾਵਾਂਗੇ ਕਿਉਂ ਜੋ ਤੁਹਾਡਾ ਜੀਅ ਮਾਸ ਖਾਣ ਨੂੰ ਲੋਚਦਾ ਹੈ, ਤਦ ਤੁਸੀਂ ਆਪਣੇ ਮਨ ਦੀ ਸਾਰੀ ਇੱਛਾ ਦੇ ਅਨੁਸਾਰ ਮਾਸ ਖਾਇਓ। 21 ਪਰ ਜੇਕਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ, ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਹੋਵਾਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲਿਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ। 22 ਜਿਵੇਂ ਚਿਕਾਰੇ ਅਤੇ ਹਿਰਨ ਦਾ ਮਾਸ ਖਾਈਦਾ ਹੈ, ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਖਾਇਓ, ਅਸ਼ੁੱਧ ਅਤੇ ਸ਼ੁੱਧ ਦੋਵੇਂ ਮਨੁੱਖ ਉਸ ਨੂੰ ਖਾ ਸਕਦੇ ਹਨ। 23 ਪਰ ਉਨ੍ਹਾਂ ਦਾ ਲਹੂ ਕਦੇ ਵੀ ਨਾ ਖਾਇਓ, ਕਿਉਂ ਜੋ ਲਹੂ ਹੀ ਜੀਵਨ ਹੈ। ਤੁਸੀਂ ਮਾਸ ਦੇ ਨਾਲ ਜੀਵਨ ਨੂੰ ਨਾ ਖਾਇਓ 24 ਤੁਸੀਂ ਉਸ ਨੂੰ ਨਾ ਖਾਇਓ। ਤੁਸੀਂ ਉਸ ਨੂੰ ਧਰਤੀ ਉੱਤੇ ਪਾਣੀ ਵਾਂਗੂੰ ਡੋਲ੍ਹ ਦੇਣਾ। 25 ਤੁਸੀਂ ਉਸ ਨੂੰ ਨਾ ਖਾਇਓ ਤਾਂ ਜੋ ਇਹ ਕੰਮ ਕਰਨ ਨਾਲ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਠੀਕ ਹੈ, ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ। 26 ਪਰ ਆਪਣੀਆਂ ਪਵਿੱਤਰ ਵਸਤੂਆਂ, ਜਿਹੜੀਆਂ ਤੁਹਾਡੇ ਕੋਲ ਹਨ ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ ਲੈ ਕੇ ਤੁਸੀਂ ਉਸ ਸਥਾਨ ਨੂੰ ਜਾਇਓ, ਜਿਹੜਾ ਯਹੋਵਾਹ ਚੁਣੇਗਾ 27 ਤੁਸੀਂ ਆਪਣੀਆਂ ਹੋਮ ਬਲੀਆਂ ਦੇ ਮਾਸ ਅਤੇ ਲਹੂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਚੜ੍ਹਾਇਓ ਪਰ ਸੁੱਖ-ਸਾਂਦ ਦੀਆਂ ਬਲੀਆਂ ਦੇ ਲਹੂ ਉਸ ਦੀ ਜਗਵੇਦੀ ਉੱਤੇ ਡੋਲ੍ਹ ਦੇਣਾ ਅਤੇ ਮਾਸ ਨੂੰ ਤੁਸੀਂ ਖਾ ਲੈਣਾ। 28 ਇਨ੍ਹਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਸੁਣੋ ਅਤੇ ਮੰਨੋ ਤਾਂ ਜੋ ਤੁਸੀਂ ਉਹ ਕੰਮ ਕਰੋ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਹੋਵੇ ਅਤੇ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ। 29 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ, ਜਿਨ੍ਹਾਂ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ਅਤੇ ਤੁਸੀਂ ਉਹਨਾਂ ਉੱਤੇ ਕਾਬੂ ਪਾ ਕੇ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ, 30 ਤਾਂ ਸਾਵਧਾਨ ਰਹਿਣਾ, ਅਜਿਹਾ ਨਾ ਹੋਵੇ ਕਿ ਜਦ ਉਹ ਤੁਹਾਡੇ ਅੱਗਿਓਂ ਨਾਸ ਕਰ ਦਿੱਤੇ ਜਾਣ ਤਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਵੀ ਫਸ ਜਾਓ ਅਰਥਾਤ ਉਹਨਾਂ ਦੇ ਦੇਵਤਿਆਂ ਦੇ ਬਾਰੇ ਇਹ ਨਾ ਪੁੱਛਿਓ ਕਿ ਇਨ੍ਹਾਂ ਕੌਮਾਂ ਦੇ ਲੋਕ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ ਤਾਂ ਜੋ ਅਸੀਂ ਵੀ ਇਸੇ ਤਰ੍ਹਾਂ ਹੀ ਕਰੀਏ। 31 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਜਿਹਾ ਨਾ ਕਰਨਾ, ਕਿਉਂਕਿ ਉਹ ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਘਿਣ ਕਰਦਾ ਹੈ, ਉਹਨਾਂ ਨੇ ਆਪਣੇ ਦੇਵਤਿਆਂ ਦੇ ਲਈ ਕੀਤੇ ਹਨ, ਕਿਉਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ। 32 ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਤੁਸੀਂ ਉਨ੍ਹਾਂ ਦੀ ਪਾਲਣਾ ਕਰਿਓ, ਨਾ ਤਾਂ ਉਸ ਵਿੱਚ ਕੁਝ ਵਧਾਇਓ ਅਤੇ ਨਾ ਹੀ ਉਸ ਵਿੱਚੋਂ ਕੁਝ ਘਟਾਇਓ।
In Other Versions
Deuteronomy 12 in the ANTPNG2D
Deuteronomy 12 in the BNTABOOT
Deuteronomy 12 in the BOHNTLTAL
Deuteronomy 12 in the BOILNTAP
Deuteronomy 12 in the KBT1ETNIK
Deuteronomy 12 in the TBIAOTANT