Jeremiah 29 (IRVP)
1 ਇਹ ਉਸ ਪੱਤ੍ਰੀ ਦੀਆਂ ਗੱਲਾਂ ਹਨ ਜਿਹੜੀ ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਗ਼ੁਲਾਮੀ ਦੇ ਰਹਿੰਦੇ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੂੰ ਘੱਲੀ ਜਿਹਨਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਿਆ 2 ਇਸ ਤੋਂ ਪਿੱਛੇ ਕਿ ਯਕਾਨਯਾਹ ਪਾਤਸ਼ਾਹ, ਰਾਜ ਮਾਤਾ, ਤੇ ਖੁਸਰੇ ਤੇ ਸਰਦਾਰ, ਲੁਹਾਰ ਤੇ ਤਰਖਾਣ ਯਹੂਦਾਹ ਤੇ ਯਰੂਸ਼ਲਮ ਵਿੱਚੋਂ ਨਿੱਕਲ ਗਏ ਸਨ 3 ਉਸ ਨੇ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਦੇ ਹੱਥੀਂ ਇਹ ਪੱਤ੍ਰੀ ਘੱਲੀ ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬਲ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਕੋਲ ਭੇਜਿਆ 4 ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਸਾਰੀਆਂ ਗ਼ੁਲਾਮਾਂ ਨੂੰ ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਭੇਜਿਆ ਹੈ ਇਸ ਤਰ੍ਹਾਂ ਆਖਦਾ ਹੈ, - 5 ਤੁਸੀਂ ਘਰ ਬਣਾਓ ਅਤੇ ਉਹਨਾਂ ਵਿੱਚ ਵੱਸੋ ਅਤੇ ਬਾਗ਼ ਲਾਓ ਅਤੇ ਉਹਨਾਂ ਦੇ ਮੇਵੇ ਖਾਓ 6 ਤੁਸੀਂ ਔਰਤਾਂ ਵਿਆਹੋ ਅਤੇ ਪੁੱਤਰ ਧੀਆਂ ਪੈਦਾ ਕਰੋ ਅਤੇ ਆਪਣੇ ਪੁੱਤਰਾਂ ਲਈ ਔਰਤਾਂ ਵਿਆਹੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ 7 ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਗ਼ੁਲਾਮ ਕਰ ਕੇ ਭੇਜਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਸ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ 8 ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਤੁਹਾਨੂੰ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫ਼ਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ 9 ਕਿਉਂ ਜੋ ਉਹ ਮੇਰੇ ਨਾਮ ਉੱਤੇ ਝੂਠ ਅਗੰਮ ਵਾਚਦੇ ਹਨ, ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ। 10 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਦ ਬਾਬਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਉੱਤੇ ਫਿਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ 11 ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਬਾਰੇ ਸੋਚਦਾ ਹਾਂ, ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ 12 ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ 13 ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ 14 ਮੈਂ ਤੁਹਾਨੂੰ ਲੱਭਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਤੁਹਾਡੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗ਼ੁਲਾਮ ਕਰਵਾਇਆ ਸੀ। 15 ਤੁਸੀਂ ਜੋ ਆਖਿਆ ਹੈ ਕਿ ਯਹੋਵਾਹ ਨੇ ਸਾਡੇ ਲਈ ਬਾਬਲ ਵਿੱਚ ਨਬੀ ਕਾਇਮ ਕੀਤੇ ਹਨ 16 ਇਸ ਲਈ ਯਹੋਵਾਹ ਉਸ ਰਾਜਾ ਦੇ ਬਾਰੇ ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਬਾਰੇ ਜਿਹੜੀ ਇਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਬਾਰੇ ਜਿਹੜੇ ਤੁਹਾਡੇ ਨਾਲ ਗ਼ੁਲਾਮ ਹੋ ਕੇ ਬਾਹਰ ਨਹੀਂ ਗਏ ਇਸ ਤਰ੍ਹਾਂ ਆਖਦਾ ਹੈ, 17 ਵੇਖੋ, ਮੈਂ ਉਹਨਾਂ ਲਈ ਤਲਵਾਰ, ਕਾਲ ਅਤੇ ਬਵਾ ਨੂੰ ਘੱਲਾਂਗਾ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਉਹਨਾਂ ਨੂੰ ਸੜੀਆਂ ਹੋਈਆਂ ਹੰਜ਼ੀਰਾਂ ਵਾਂਗੂੰ ਬਣਾਵਾਂਗਾ ਜਿਹੜੀਆਂ ਖ਼ਰਾਬ ਹੋਣ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ 18 ਮੈਂ ਤਲਵਾਰ, ਕਾਲ ਅਤੇ ਬਵਾ ਨਾਲ ਉਹਨਾਂ ਦਾ ਪਿੱਛਾ ਕਰਾਂਗਾ। ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਭੈਅ ਬਣਾਵਾਂਗਾ ਅਤੇ ਉਹ ਉਹਨਾਂ ਸਾਰੀਆਂ ਕੌਮਾਂ ਵਿੱਚ ਜਿਹਨਾਂ ਵਿੱਚ ਮੈਂ ਉਹਨਾਂ ਨੂੰ ਹੱਕ ਦਿਆਂਗਾ ਸਰਾਪ, ਹੌਲ ਅਤੇ ਨੱਕ ਚੜ੍ਹਾਉਣ ਅਤੇ ਨਿੰਦਿਆ ਦਾ ਕਾਰਨ ਹੋਣਗੇ 19 ਇਸ ਲਈ ਜੋ ਉਹਨਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾਹ ਦਾ ਵਾਕ ਹੈ, ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ, ਯਹੋਵਾਹ ਦਾ ਵਾਕ ਹੈ 20 ਸੋ ਹੇ ਸਾਰੇ ਗੁਲਾਮੋ, ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਬਾਬਲ ਨੂੰ ਭੇਜਿਆ, ਯਹੋਵਾਹ ਦਾ ਬਚਨ ਸੁਣੋ 21 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਕੋਲਾਯਾਹ ਦੇ ਪੁੱਤਰ ਅਹਾਬ ਨੂੰ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਨੂੰ ਜਿਹੜੇ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਤੁਹਾਡੇ ਵੇਖਦਿਆਂ ਉਹਨਾਂ ਨੂੰ ਮਾਰ ਸੁੱਟੇਗਾ! 22 ਯਹੂਦਾਹ ਦੇ ਸਾਰੇ ਗ਼ੁਲਾਮਾਂ ਨਾਲ ਜਿਹੜੇ ਬਾਬਲ ਵਿੱਚ ਹਨ ਉਹਨਾਂ ਦੇ ਕਾਰਨ ਇਹ ਸਰਾਪ ਵਰਤਿਆ ਜਾਵੇਗਾ ਕਿ “ਯਹੋਵਾਹ ਤੈਨੂੰ ਸਿਦਕੀਯਾਹ ਅਤੇ ਅਹਾਬ ਵਾਂਗੂੰ ਕਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨੇ ਅੱਗ ਉੱਤੇ ਭੁੰਨ ਸੁੱਟਿਆ!” 23 ਕਿਉਂ ਜੋ ਉਹਨਾਂ ਇਸਰਾਏਲ ਵਿੱਚ ਮੂਰਖਪੁਣਾ ਕੀਤਾ ਅਤੇ ਆਪਣੀਆਂ ਗੁਆਂਢੀਆਂ ਦੀਆਂ ਔਰਤਾਂ ਦੇ ਨਾਲ ਵਿਭਚਾਰ ਕੀਤਾ ਅਤੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੇ ਜਿਹਨਾਂ ਦਾ ਮੈਂ ਉਹਨਾਂ ਨੂੰ ਹੁਕਮ ਨਹੀਂ ਦਿੱਤਾ ਸੀ। ਮੈਂ ਉਹੋ ਹਾਂ ਜੋ ਜਾਣਦਾ ਹੈ ਅਤੇ ਮੈਂ ਗਵਾਹ ਹਾਂ, ਯਹੋਵਾਹ ਦਾ ਵਾਕ ਹੈ। 24 ਤੂੰ ਸ਼ਮਅਯਾਹ ਨਹਲਾਮੀ ਨੂੰ ਆਖ ਕਿ 25 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਤੂੰ ਆਪਣੇ ਨਾਮ ਉੱਤੇ ਸਾਰੀ ਪਰਜਾ ਨੂੰ ਜਿਹੜੀ ਯਰੂਸ਼ਲਮ ਵਿੱਚ ਹੈ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਅਤੇ ਸਾਰੇ ਜਾਜਕਾਂ ਨੂੰ ਪੱਤਰੀਆਂ ਲਿਖ ਘੱਲੀਆਂ ਹਨ ਕਿ 26 ਯਹੋਵਾਹ ਨੇ ਯਹੋਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਹੋਵਾਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ 27 ਹੁਣ ਤੂੰ ਅੰਨਥੋਥੀ ਯਿਰਮਿਯਾਹ ਨੂੰ ਕਿਉਂ ਨਹੀਂ ਘੁਰਕਿਆ ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ? 28 ਕਿਉਂ ਜੋ ਉਸ ਨੇ ਸਾਨੂੰ ਬਾਬਲ ਵਿੱਚ ਇਹ ਅਖਵਾ ਭੇਜਿਆ ਹੈ ਕਿ ਤੁਹਾਡੀ ਗ਼ੁਲਾਮੀ ਲੰਮੀ ਹੈ। ਤੁਸੀਂ ਘਰ ਬਣਾਓ ਅਤੇ ਵੱਸੋ, ਬਾਗ਼ ਲਓ ਅਤੇ ਉਹ ਦਾ ਫਲ ਖਾਓ 29 ਤਾਂ ਸਫ਼ਨਯਾਹ ਜਾਜਕ ਨੇ ਇਹ ਪੱਤਰੀ ਵਾਚ ਕੇ ਯਿਰਮਿਯਾਹ ਨਬੀ ਦੇ ਕੰਨਾਂ ਵਿੱਚ ਸੁਣਾਇਆ। 30 ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ 31 ਸਭ ਗ਼ੁਲਾਮਾਂ ਨੂੰ ਅਖਵਾ ਘੱਲ ਕਿ ਯਹੋਵਾਹ ਨਹਲਾਮ ਦੇ ਸ਼ਮਅਯਾਹ ਬਾਰੇ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮ ਵਾਚਿਆ ਅਤੇ ਮੈਂ ਉਹ ਨੂੰ ਨਹੀਂ ਭੇਜਿਆ ਉਸ ਨੇ ਤੁਹਾਨੂੰ ਝੂਠ ਉੱਤੇ ਆਸ ਦੁਆਈ, - 32 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਨਹਲਾਮੀ ਸ਼ਮਅਯਾਹ ਅਤੇ ਉਸ ਦੀ ਨਸਲ ਦੀ ਖ਼ਬਰ ਲੈਂਦਾ ਹਾਂ ਅਤੇ ਉਹ ਦਾ ਕੋਈ ਮਨੁੱਖ ਇਸ ਪਰਜਾ ਵਿੱਚ ਨਾ ਵੱਸੇਗਾ ਜੋ ਉਸ ਭਲਿਆਈ ਨੂੰ ਜਿਹੜੀ ਮੈਂ ਆਪਣੀ ਪਰਜਾ ਨਾਲ ਕਰਾਂਗਾ ਵੇਖੇਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਉਹ ਯਹੋਵਾਹ ਦੇ ਵਿਰੁੱਧ ਬਗਾਵਤ ਬੋਲਿਆ ਹੈ।