Genesis 31 (IRVP)
1 ਉਸ ਨੇ ਲਾਬਾਨ ਦੇ ਪੁੱਤਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਵਿੱਚੋਂ ਇਹ ਸਾਰਾ ਧਨ ਉਹ ਨੇ ਪਾਇਆ ਹੈ। 2 ਫਿਰ ਯਾਕੂਬ ਨੇ ਲਾਬਾਨ ਦੇ ਚਿਹਰੇ ਵੱਲ ਵੇਖਿਆ ਅਤੇ ਜਾਣ ਲਿਆ ਕਿ ਉਹ ਪਹਿਲਾਂ ਵਾਂਗੂੰ ਉਹ ਦੀ ਵੱਲ ਨਹੀਂ ਸੀ। 3 ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪੁਰਖਿਆਂ ਦੇ ਦੇਸ਼ ਨੂੰ ਅਤੇ ਆਪਣੀ ਜਨਮ ਭੂਮੀ ਵੱਲ ਮੁੜ ਜਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। 4 ਤਦ ਯਾਕੂਬ ਨੇ ਰਾਖ਼ੇਲ ਅਤੇ ਲੇਆਹ ਨੂੰ ਮੈਦਾਨ ਵਿੱਚ ਆਪਣੇ ਇੱਜੜ ਕੋਲ ਬੁਲਾਇਆ 5 ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਪਹਿਲਾ ਵਾਂਗੂੰ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ-ਸੰਗ ਹੈ। 6 ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ। 7 ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕੀਤਾ ਅਤੇ ਮੇਰੀ ਮਜ਼ਦੂਰੀ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ। 8 ਜਦ ਉਸ ਨੇ ਆਖਿਆ ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ। 9 ਇਸ ਤਰ੍ਹਾਂ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ। 10 ਅਤੇ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫ਼ਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ। 11 ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫ਼ਨੇ ਵਿੱਚ ਆਖਿਆ, ਯਾਕੂਬ! ਮੈਂ ਆਖਿਆ, ਮੈਂ ਹਾਜ਼ਰ ਹਾਂ। 12 ਤਦ ਉਸ ਨੇ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ। 13 ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੂੰ ਥੰਮ੍ਹ ਉੱਤੇ ਤੇਲ ਡੋਲ੍ਹਿਆ ਸੀ ਅਤੇ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਉੱਠ, ਅਤੇ ਇਸ ਦੇਸ਼ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾ। 14 ਤਦ ਰਾਖ਼ੇਲ ਅਤੇ ਲੇਆਹ ਨੇ ਉੱਤਰ ਦੇ ਕੇ ਆਖਿਆ, ਕੀ ਅਜੇ ਤੱਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਜਾਂ ਅਧਿਕਾਰ ਹੈ? 15 ਕੀ ਅਸੀਂ ਉਹ ਦੇ ਅੱਗੇ ਪਰਾਈਆਂ ਨਹੀਂ ਰਹੀਆਂ ਕਿਉਂ ਜੋ ਉਸ ਨੇ ਸਾਨੂੰ ਵੇਚ ਦਿੱਤਾ ਅਤੇ ਸਾਡੀ ਚਾਂਦੀ ਵੀ ਖਾ ਗਿਆ 16 ਇਸ ਲਈ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਜੋ ਧਨ ਲੈ ਲਿਆ ਹੈ ਉਹ ਸਾਡਾ ਅਤੇ ਸਾਡੇ ਪੁੱਤਰਾਂ ਦਾ ਹੈ ਅਤੇ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ, ਉਹੀ ਕਰ। 17 ਤਦ ਯਾਕੂਬ ਨੇ ਉੱਠ ਕੇ ਆਪਣੇ ਪੁੱਤਰਾਂ ਅਤੇ ਇਸਤਰੀਆਂ ਨੂੰ ਊਠਾਂ ਉੱਤੇ ਚੜ੍ਹਾਇਆ 18 ਅਤੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ, ਲੈ ਗਿਆ ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ। 19 ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਤੇ ਰਾਖ਼ੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ। 20 ਸੋ ਯਾਕੂਬ, ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜਿਆ ਜਾ ਰਿਹਾ ਹਾਂ। 21 ਉਹ ਆਪਣਾ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਰਬਤ ਵੱਲ ਕੀਤਾ। 22 ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ। 23 ਇਸ ਲਈ ਉਸ ਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸੱਤਾਂ ਦਿਨਾਂ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਗਿਲਆਦ ਦੇ ਪਰਬਤ ਉੱਤੇ ਜਾ ਲਿਆ। 24 ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫ਼ਨੇ ਵਿੱਚ ਜਾ ਕੇ ਆਖਿਆ, ਖ਼ਬਰਦਾਰ ਹੋ ਅਤੇ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ। 25 ਤਦ ਲਾਬਾਨ, ਯਾਕੂਬ ਨੂੰ ਜਾ ਮਿਲਿਆ ਅਤੇ ਯਾਕੂਬ ਨੇ ਆਪਣਾ ਤੰਬੂ ਪਰਬਤ ਉੱਤੇ ਖੜ੍ਹਾ ਕੀਤਾ ਸੀ, ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਰਬਤ ਉੱਤੇ ਤੰਬੂ ਖੜ੍ਹਾ ਕੀਤਾ। 26 ਤਦ ਲਾਬਾਨ ਨੇ ਯਾਕੂਬ ਨੂੰ ਆਖਿਆ, ਤੂੰ ਇਹ ਕੀ ਕੀਤਾ ਜੋ ਤੂੰ ਮੇਰੇ ਕੋਲੋਂ ਚੋਰੀ ਭੱਜ ਆਇਆ ਹੈਂ ਅਤੇ ਤੂੰ ਮੇਰੀਆਂ ਧੀਆਂ ਨੂੰ ਤਲਵਾਰ ਦੇ ਜ਼ੋਰ ਨਾਲ ਬਣਾਏ ਕੈਦੀਆਂ ਵਾਂਗੂੰ ਹੱਕ ਲਿਆਇਆ ਹੈਂ? 27 ਤੂੰ ਕਿਉਂ ਲੁੱਕ ਕੇ ਭੱਜਿਆ ਅਤੇ ਮੈਨੂੰ ਠੱਗਿਆ ਅਤੇ ਮੈਨੂੰ ਖ਼ਬਰ ਕਿਉਂ ਨਾ ਦਿੱਤੀ ਤਾਂ ਜੋ ਮੈਂ ਤੈਨੂੰ ਖੁਸ਼ੀ ਅਤੇ ਰਾਗ-ਰੰਗ ਅਤੇ ਡੱਫਾਂ ਅਤੇ ਬਰਬਤਾਂ ਨਾਲ ਵਿਦਿਆ ਕਰਦਾ? 28 ਤੂੰ ਮੈਨੂੰ ਆਪਣੇ ਪੁੱਤਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ? ਹੁਣ ਤੂੰ ਮੂਰਖਪੁਣਾ ਕੀਤਾ ਹੈ। 29 ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਤੇ ਯਾਕੂਬ ਨਾਲ ਭਲਾ ਜਾਂ ਬੁਰਾ ਨਾ ਬੋਲ। 30 ਹੁਣ ਤੂੰ ਚੱਲਿਆ ਤਾਂ ਹੈਂ ਹੀ ਕਿਉਂ ਜੋ ਤੂੰ ਆਪਣੇ ਪਿਤਾ ਦੇ ਘਰ ਨੂੰ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ? 31 ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਕਿਉਂ ਜੋ ਮੈਂ ਡਰ ਗਿਆ, ਮੈਂ ਸੋਚਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜ਼ੋਰ ਨਾਲ ਖੋਹ ਕੇ ਲੈ ਜਾਵੇਂਗਾ। 32 ਜਿਹ ਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਲੱਭ ਲੈ ਅਤੇ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ, ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖ਼ੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ। 33 ਲਾਬਾਨ, ਯਾਕੂਬ ਦੇ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਕੁਝ ਨਾ ਮਿਲਿਆ ਅਤੇ ਲੇਆਹ ਦੇ ਤੰਬੂ ਵਿੱਚੋਂ ਨਿੱਕਲ ਕੇ ਰਾਖ਼ੇਲ ਦੇ ਤੰਬੂ ਵਿੱਚ ਆਇਆ। 34 ਤਦ ਰਾਖ਼ੇਲ ਨੇ ਉਨ੍ਹਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੀ ਕਾਠੀ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਉੱਤੇ ਬੈਠ ਗਈ ਅਤੇ ਲਾਬਾਨ ਨੇ ਸਾਰੇ ਤੰਬੂ ਦੀ ਖੋਜ ਕੀਤੀ ਪਰ ਕੁਝ ਨਾ ਮਿਲਿਆ। 35 ਉਸ ਨੇ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸੁਆਮੀ, ਤੁਹਾਡੀਆਂ ਅੱਖਾਂ ਵਿੱਚ ਇਹ ਗੱਲ ਨਰਾਜ਼ਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸਕੀ, ਕਿਉਂ ਜੋ ਮੈਂ ਮਾਹਵਾਰੀ ਦੇ ਹਾਲ ਵਿੱਚ ਹਾਂ। ਇਸ ਲਈ ਉਸ ਨੇ ਲੱਭਿਆ ਪਰ ਉਸ ਨੂੰ ਬੁੱਤ ਨਾ ਲੱਭੇ। 36 ਇਹ ਗੱਲ ਤੋਂ ਗੁੱਸੇ ਹੋ ਕੇ ਯਾਕੂਬ, ਲਾਬਾਨ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਮੇਰਾ ਕੀ ਕਸੂਰ ਅਤੇ ਮੇਰਾ ਕੀ ਪਾਪ ਹੈ ਜੋ ਤੂੰ ਐਨੇ ਕ੍ਰੋਧ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ? 37 ਤੂੰ ਜੋ ਮੇਰਾ ਸਾਰਾ ਕੁਝ ਟਟੋਲਿਆ ਤੇਰੇ ਘਰ ਦਾ ਤੈਨੂੰ ਕੀ ਮਿਲਿਆ? ਉਹ ਨੂੰ ਐਥੇ ਆਪਣੇ ਅਤੇ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂ ਜੋ ਓਹ ਸਾਡਾ ਦੋਵਾਂ ਦਾ ਨਿਆਂ ਕਰਨ। 38 ਮੈਂ ਇਹਨਾਂ ਵੀਹ ਸਾਲ ਤੱਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭ ਨਾ ਡਿੱਗਿਆ ਅਤੇ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ 39 ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਤੇ ਉਹ ਜਿਹੜਾ ਦਿਨ ਜਾਂ ਰਾਤ ਨੂੰ ਚੋਰੀ ਹੋ ਗਿਆ ਉਹ ਤੂੰ ਮੈਥੋਂ ਮੰਗਿਆ। 40 ਮੇਰਾ ਤਾਂ ਇਹ ਹਾਲ ਸੀ, ਕਿ ਦਿਨ ਵੇਲੇ ਧੁੱਪ ਅਤੇ ਰਾਤ ਵੇਲੇ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ। 41 ਇਨ੍ਹਾਂ ਵੀਹ ਸਾਲਾਂ ਤੱਕ ਮੈਂ ਤੇਰੇ ਘਰ ਵਿੱਚ ਰਿਹਾ, ਮੈਂ ਚੌਦਾਂ ਸਾਲ ਤੱਕ ਤੇਰੀਆਂ ਦੋਹਾਂ ਧੀਆਂ ਲਈ, ਛੇ ਸਾਲ ਤੇਰੀਆਂ ਭੇਡਾਂ ਲਈ ਤੇਰੀ ਸੇਵਾ ਕੀਤੀ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਨੂੰ ਬਦਲਿਆ। 42 ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਤੂੰ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ। ਪਰਮੇਸ਼ੁਰ ਨੇ ਮੇਰਾ ਕਸ਼ਟ ਅਤੇ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਤੇ ਕੱਲ ਰਾਤ ਤੈਨੂੰ ਝਿੜਕਿਆ। 43 ਲਾਬਾਨ ਨੇ ਯਾਕੂਬ ਨੂੰ ਉੱਤਰ ਦੇ ਕੇ ਆਖਿਆ, ਇਹ ਧੀਆਂ ਮੇਰੀਆਂ ਹੀ ਧੀਆਂ ਹਨ, ਇਹ ਪੁੱਤਰ ਮੇਰੇ ਹੀ ਪੁੱਤਰ ਹਨ, ਇਹ ਇੱਜੜ ਮੇਰੇ ਹੀ ਇੱਜੜ ਹਨ ਅਤੇ ਜੋ ਕੁਝ ਤੂੰ ਵੇਖਦਾ ਹੈਂ ਸਭ ਮੇਰਾ ਹੈ। ਹੁਣ ਮੈਂ ਅੱਜ ਦੇ ਦਿਨ ਆਪਣੀਆਂ ਇਹਨਾਂ ਧੀਆਂ ਅਤੇ ਇਹਨਾਂ ਤੋਂ ਜੰਮੇ ਹੋਏ ਪੁੱਤਰਾਂ ਨਾਲ ਕੀ ਕਰਾਂ? 44 ਸੋ ਹੁਣ ਤੂੰ ਆ ਜੋ ਮੈਂ ਅਤੇ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਤੇ ਤੇਰੇ ਵਿਚਕਾਰ ਗਵਾਹੀ ਹੋਵੇ। 45 ਤਦ ਯਾਕੂਬ ਨੇ ਇੱਕ ਪੱਥਰ ਲੈ ਕੇ ਥੰਮ੍ਹ ਖੜ੍ਹਾ ਕੀਤਾ 46 ਅਤੇ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ, ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਇਕੱਠੇ ਕਰ ਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਭੋਜਨ ਖਾਧਾ। 47 ਤਦ ਲਾਬਾਨ ਨੇ ਉਸ ਨਗਰ ਦਾ ਨਾਮ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਮ ਗਲੇਦ ਰੱਖਿਆ। 48 ਲਾਬਾਨ ਨੇ ਆਖਿਆ ਕਿ ਅੱਜ ਇਹ ਢੇਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੋਵੇਗਾ, ਇਸ ਕਾਰਨ ਉਸ ਦਾ ਨਾਮ ਗਲੇਦ ਰੱਖਿਆ ਗਿਆ। 49 ਅਤੇ ਮਿਸਪਾਹ ਵੀ, ਉਸ ਨੇ ਆਖਿਆ ਕਿ ਯਹੋਵਾਹ ਮੇਰੀ ਅਤੇ ਤੇਰੀ, ਜਦ ਅਸੀਂ ਇੱਕ ਦੂਜੇ ਤੋਂ ਦੂਰ ਹੋਈਏ ਰਾਖੀ ਕਰੇ। 50 ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਤੇ ਉਨ੍ਹਾਂ ਤੋਂ ਬਿਨ੍ਹਾਂ ਹੋਰ ਇਸਤਰੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ, ਪਰ ਵੇਖ ਪਰਮੇਸ਼ੁਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੈ। 51 ਫਿਰ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਇਹ ਢੇਰ ਅਤੇ ਵੇਖ ਇਹ ਥੰਮ੍ਹ ਜੋ ਮੈਂ ਆਪਣੇ ਅਤੇ ਤੇਰੇ ਵਿੱਚਕਾਰ ਖੜ੍ਹਾ ਕੀਤਾ ਹੈ। 52 ਇਹ ਢੇਰ ਅਤੇ ਇਹ ਥੰਮ੍ਹ ਦੋਵੇਂ ਗਵਾਹ ਹੋਣ ਕਿ ਬੁਰਿਆਈ ਲਈ ਮੈਂ ਇਸ ਢੇਰ ਤੋਂ ਤੇਰੇ ਵੱਲ ਨਾ ਲੰਘਾਂ ਅਤੇ ਤੂੰ ਵੀ ਇਸ ਢੇਰ ਅਤੇ ਇਸ ਥੰਮ੍ਹ ਤੋਂ ਮੇਰੇ ਵੱਲ ਨਾ ਲੰਘੇਂ। 53 ਅਬਰਾਹਾਮ ਦਾ ਪਰਮੇਸ਼ੁਰ ਅਤੇ ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸਹੁੰ ਖਾਧੀ। 54 ਯਾਕੂਬ ਨੇ ਉਸ ਪਰਬਤ ਉੱਤੇ ਭੇਟ ਚੜ੍ਹਾਈ ਅਤੇ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਤੇ ਪਰਬਤ ਉੱਤੇ ਰਾਤ ਕੱਟੀ। 55 ਲਾਬਾਨ ਨੇ ਸਵੇਰੇ ਉੱਠ ਕੇ, ਆਪਣੇ ਪੋਤਰਿਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਲਾਬਾਨ ਤੁਰ ਕੇ ਆਪਣੇ ਸਥਾਨ ਨੂੰ ਮੁੜ ਗਿਆ।