Joshua 8 (IRVP)
1 ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਨਾ ਡਰ ਅਤੇ ਤੇਰਾ ਮਨ ਨਾ ਘਬਰਾਵੇ। ਸਾਰੇ ਯੋਧਿਆਂ ਨੂੰ ਆਪਣੇ ਨਾਲ ਲੈ ਅਤੇ ਅਈ ਉੱਤੇ ਚੜ੍ਹਾਈ ਕਰ। ਵੇਖ, ਮੈਂ ਅਈ ਦੇ ਰਾਜੇ ਨੂੰ, ਉਹ ਦੇ ਲੋਕਾਂ ਨੂੰ, ਉਹ ਦੇ ਸ਼ਹਿਰ ਨੂੰ ਅਤੇ ਉਹ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। 2 ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਵੋ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ। 3 ਯਹੋਸ਼ੁਆ ਅਤੇ ਸਾਰੇ ਯੋਧੇ ਅਈ ਉੱਤੇ ਚੜ੍ਹਾਈ ਕਰਨ ਲਈ ਤਿਆਰ ਹੋਏ। ਯਹੋਸ਼ੁਆ ਨੇ ਤੀਹ ਹਜ਼ਾਰ ਸੂਰਬੀਰ ਚੁਣੇ ਅਤੇ ਰਾਤ ਨੂੰ ਉਹਨਾਂ ਨੂੰ ਭੇਜਿਆ। 4 ਉਹਨਾਂ ਨੂੰ ਹੁਕਮ ਦਿੱਤਾ ਕਿ ਵੇਖੋ ਤੁਸੀਂ ਸ਼ਹਿਰ ਦੀ ਘਾਤ ਵਿੱਚ ਪਿੱਛੇ ਬੈਠ ਜਾਣਾ। ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ। 5 ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡਾ ਸਾਹਮਣਾ ਕਰਨ ਲਈ ਨਿੱਕਲਣ ਤਾਂ ਅਸੀਂ ਉਹਨਾਂ ਦੇ ਅੱਗੋਂ ਪਹਿਲਾਂ ਵਾਂਗੂੰ ਭੱਜਾਂਗੇ। 6 ਉਹ ਸਾਡੇ ਪਿੱਛੇ ਆਉਣਗੇ ਐਥੋਂ ਤੱਕ ਕਿ ਅਸੀਂ ਉਹਨਾਂ ਨੂੰ ਸ਼ਹਿਰੋਂ ਦੂਰ ਲੈ ਜਾਂਵਾਂਗੇ ਕਿਉਂ ਜੋ ਉਹ ਆਖਣਗੇ ਕਿ ਇਹ ਸਾਡੇ ਅੱਗੋਂ ਪਹਿਲਾਂ ਵਾਂਗੂੰ ਭੱਜਦੇ ਹਨ। ਇਸ ਤਰ੍ਹਾਂ ਅਸੀਂ ਉਹਨਾਂ ਦੇ ਅੱਗੋਂ ਭੱਜਾਂਗੇ। 7 ਤਦ ਤੁਸੀਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ। 8 ਇਸ ਤਰ੍ਹਾਂ ਹੋਵੇਗਾ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ। ਵੇਖੋ ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ! 9 ਯਹੋਸ਼ੁਆ ਨੇ ਉਹਨਾਂ ਨੂੰ ਭੇਜਿਆ ਤਾਂ ਉਹ ਘਾਤ ਵਿੱਚ ਬੈਠ ਗਏ ਅਤੇ ਬੈਤਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਰਾਤ ਨੂੰ ਲੋਕਾਂ ਵਿੱਚ ਰਿਹਾ। 10 ਤਾਂ ਯਹੋਸ਼ੁਆ ਨੇ ਸਵੇਰੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ। 11 ਅਤੇ ਸਾਰੇ ਯੋਧੇ ਜਿਹੜੇ ਉਹ ਦੇ ਨਾਲ ਸਨ ਉਤਾਹਾਂ ਗਏ, ਨੇੜੇ ਪਹੁੰਚੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਅਈ ਦੀ ਵਿੱਚਕਾਰ ਇੱਕ ਖੱਡ ਸੀ। 12 ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਹਨਾਂ ਨੂੰ ਬੈਤਏਲ ਅਤੇ ਅਈ ਦੇ ਵਿੱਚਕਾਰ ਸ਼ਹਿਰੋਂ ਪੱਛਮ ਵੱਲ ਘਾਤ ਵਿੱਚ ਬਿਠਾਇਆ। 13 ਤਾਂ ਉਹਨਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਪੱਛਮ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ। 14 ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਇਹ ਵੇਖਿਆ ਤਾਂ ਉਹਨਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਠਹਿਰਾਏ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿੱਕਲੇ ਪਰ ਉਸ ਨੇ ਇਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਬੈਠੇ ਹਨ। 15 ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ। 16 ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਹਨਾਂ ਦਾ ਪਿੱਛਾ ਕਰਨ ਲਈ ਇਕੱਠੇ ਸੱਦੇ ਗਏ ਸੋ ਉਹਨਾਂ ਨੇ ਯਹੋਸ਼ੁਆ ਦਾ ਅਜਿਹਾ ਪਿੱਛਾ ਕੀਤਾ ਕਿ ਉਹ ਸ਼ਹਿਰੋਂ ਦੂਰ ਚਲੇ ਗਏ। 17 ਉਸ ਤੋਂ ਬਾਅਦ ਅਈ ਅਤੇ ਬੈਤਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ। 18 ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਵਧਾ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। ਜਦ ਉਹ ਨੇ ਆਪਣਾ ਹੱਥ ਵਧਾਇਆ। 19 ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਕਬਜ਼ੇ ਵਿੱਚ ਲਿਆ ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ। 20 ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੱਕ ਉੱਠ ਰਿਹਾ ਸੀ ਸੋ ਉਹਨਾਂ ਵਿੱਚ ਇੱਧਰ-ਉੱਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ। 21 ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਜਿੱਤ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ। 22 ਅਤੇ ਇਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਉਹ ਇਸਰਾਏਲ ਦੇ ਵਿੱਚਕਾਰ ਹੋ ਗਏ ਅਰਥਾਤ ਕੁਝ ਇਸਰਾਏਲੀ ਇੱਧਰ ਅਤੇ ਕੁਝ ਉੱਧਰ ਹੋ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਮਾਰਿਆ ਕਿ ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ। 23 ਤਾਂ ਉਹਨਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ੍ਹ ਕੇ ਯਹੋਸ਼ੁਆ ਕੋਲ ਲੈ ਆਂਦਾ। 24 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਇਸਰਾਏਲ ਉਸ ਉਜਾੜ ਵਿੱਚ ਜਿੱਥੋਂ ਉਹਨਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ ਅਤੇ ਜਦ ਉਹ ਸਾਰੇ ਤਲਵਾਰ ਦੀ ਧਾਰ ਨਾਲ ਵੱਢੇ ਗਏ ਇੱਥੋਂ ਤੱਕ ਕਿ ਉਹ ਸਾਰੇ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਹ ਨੂੰ ਵੱਢ ਸੁੱਟਿਆ। 25 ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ। 26 ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੱਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆਨਾਸ ਨਾ ਕਰ ਲਿਆ 27 ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ। 28 ਸੋ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਖੰਡਰ ਬਣਾ ਦਿੱਤਾ, ਉਹ ਅੱਜ ਦੇ ਦਿਨ ਤੱਕ ਉਜਾੜ ਹੈ। 29 ਫਿਰ ਅਈ ਦੇ ਰਾਜੇ ਨੂੰ ਸ਼ਾਮਾਂ ਤੱਕ ਰੁੱਖ ਉੱਤੇ ਟੰਗ ਦਿੱਤਾ, ਜਦ ਸੂਰਜ ਡੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ, ਉਹਨਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ। ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ। 30 ਫਿਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਰਬਤ ਵਿੱਚ ਬਣਾਈ। 31 ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ, ਜਿਵੇਂ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ ਉਹ ਜਗਵੇਦੀ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਬਣਾਈ ਹੋਈ ਸੀ। ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਹਨਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੇ ਬਲੀਦਾਨ ਕੀਤੇ। 32 ਉਸ ਨੇ ਉਹਨਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦੀ ਨਕਲ ਨੂੰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ। 33 ਅਤੇ ਸਾਰਾ ਇਸਰਾਏਲ ਅਤੇ ਉਹਨਾਂ ਦੇ ਬਜ਼ੁਰਗ ਅਤੇ ਅਧਿਕਾਰੀ ਅਤੇ ਉਹਨਾਂ ਦੇ ਨਿਆਈਂ ਸੰਦੂਕ ਦੇ ਇਸ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਹਨਾਂ ਦਾ ਅੱਧ ਗਰਿੱਜ਼ੀਮ ਪਰਬਤ ਦੇ ਸਾਹਮਣੇ ਅਤੇ ਅੱਧ ਏਬਾਲ ਪਰਬਤ ਦੇ ਸਾਹਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ। 34 ਫਿਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ। 35 ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜਿਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਹਨਾਂ ਦੇ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਹਨਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।