1 Chronicles 21 (IRVP)
1 ਸ਼ੈਤਾਨ ਇਸਰਾਏਲ ਦੇ ਵਿਰੁੱਧ ਉੱਠਿਆ ਅਤੇ ਉਸ ਨੇ ਦਾਊਦ ਨੂੰ ਉਕਸਾਇਆ ਕਿ ਉਹ ਇਸਰਾਏਲ ਦੀ ਗਿਣਤੀ ਕਰੇ। 2 ਦਾਊਦ ਨੇ ਯੋਆਬ ਨੂੰ ਅਤੇ ਲੋਕਾਂ ਦੇ ਸਰਦਾਰਾਂ ਨੂੰ ਇਹ ਆਗਿਆ ਕੀਤੀ ਕਿ ਜਾਓ, ਬਏਰਸ਼ਬਾ ਤੋਂ ਲੈ ਕੇ ਦਾਨ ਤੱਕ ਇਸਰਾਏਲ ਦੀ ਗਿਣਤੀ ਕਰਕੇ ਮੈਨੂੰ ਦੱਸੋ, ਤਾਂ ਜੋ ਮੈਨੂੰ ਪਤਾ ਹੋਵੇ। 3 ਪਰ ਯੋਆਬ ਨੇ ਆਖਿਆ, ਯਹੋਵਾਹ ਆਪਣੀ ਪਰਜਾ ਇਸ ਨਾਲੋਂ ਵੀ ਸੌ ਗੁਣਾ ਵਧਾਵੇ, ਪਰ ਹੇ ਮੇਰੇ ਸੁਆਮੀ ਮਹਾਰਾਜ, ਕੀ ਇਹ ਸਾਰਿਆਂ ਦੇ ਸਾਰੇ ਮੇਰੇ ਸੁਆਮੀ ਦੇ ਦਾਸ ਨਹੀਂ ਹਨ? ਫੇਰ ਮੇਰਾ ਸੁਆਮੀ ਇਹ ਕਿਉਂ ਚਾਹੁੰਦਾ ਹੈ? ਤੁਸੀਂ ਕਿਉਂ ਇਸਰਾਏਲ ਦੇ ਲਈ ਅਪਰਾਧੀ ਹੋਣ ਦਾ ਕਾਰਨ ਹੋਵੇ? 4 ਪਰ ਰਾਜੇ ਦੀ ਆਗਿਆ ਯੋਆਬ ਉੱਤੇ ਪਰਬਲ ਹੋਈ ਸੋ ਯੋਆਬ ਤੁਰ ਗਿਆ ਅਤੇ ਸਾਰੇ ਇਸਰਾਏਲ ਦੇ ਦੇਸ ਦੇ ਵਿੱਚੋਂ ਲੰਘ ਕੇ ਯਰੂਸ਼ਲਮ ਨੂੰ ਮੁੜ ਆਇਆ। 5 ਤਾਂ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਲੇਖਾ ਦਾਊਦ ਨੂੰ ਦਿੱਤਾ ਅਤੇ ਸਾਰੇ ਇਸਰਾਏਲ ਦੇ ਤਲਵਾਰ ਧਾਰੀਆਂ ਦੀ ਗਿਣਤੀ ਗਿਆਰ੍ਹਾਂ ਲੱਖ ਸੀ ਅਤੇ ਯਹੂਦਾਹ ਦੇ ਚਾਰ ਲੱਖ ਸੱਤਰ ਹਜ਼ਾਰ ਤਲਵਾਰ ਧਾਰੀ ਸਨ। 6 ਪਰ ਉਸ ਨੇ ਇਨ੍ਹਾਂ ਦੇ ਵਿੱਚ ਲੇਵੀ ਅਤੇ ਬਿਨਯਾਮੀਨ ਦੇ ਲੋਕਾਂ ਦੀ ਗਿਣਤੀ ਨਾ ਕੀਤੀ, ਕਿਉਂ ਜੋ ਯੋਆਬ ਨੂੰ ਪਾਤਸ਼ਾਹ ਦੀ ਆਗਿਆ ਅੱਤ ਘਿਣਾਉਣੀ ਲੱਗੀ। 7 ਅਤੇ ਪਰਮੇਸ਼ੁਰ ਨੂੰ ਇਹ ਗੱਲ ਬਹੁਤ ਬੁਰੀ ਲੱਗੀ, ਇਸ ਲਈ ਉਸ ਨੇ ਇਸਰਾਏਲ ਨੂੰ ਮਾਰਿਆ। 8 ਤਾਂ ਦਾਊਦ ਨੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ ਕਿ ਮੇਰੇ ਕੋਲੋਂ ਵੱਡਾ ਪਾਪ ਹੋਇਆ, ਜੋ ਮੈਂ ਇਹ ਕੰਮ ਕੀਤਾ, ਪਰ ਹੁਣ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ। 9 ਯਹੋਵਾਹ ਨੇ ਦਾਊਦ ਦੇ ਅਗੰਮ ਗਿਆਨੀ ਗਾਦ ਨੂੰ ਆਗਿਆ ਦਿੱਤੀ 10 ਕਿ ਤੂੰ ਜਾ ਕੇ ਦਾਊਦ ਨੂੰ ਆਖ ਕਿ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ, ਜੋ ਮੈਂ ਤੇਰੇ ਉੱਤੇ ਪਾਵਾਂ। 11 ਅਖ਼ੀਰ, ਗਾਦ ਦਾਊਦ ਕੋਲ ਆਇਆ ਅਤੇ ਉਸ ਨੂੰ ਆਖਿਆ ਕਿ ਯਹੋਵਾਹ ਦੀ ਇਹ ਆਗਿਆ ਹੈ ਜੋ ਤੂੰ ਇੰਨ੍ਹਾਂ ਵਿੱਚੋਂ ਇੱਕ ਚੁਣ ਲੈ, 12 ਜਾਂ ਤਿੰਨ ਸਾਲਾਂ ਕਾਲ ਪਵੇ ਜਾਂ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਤਿੰਨ ਮਹੀਨਿਆਂ ਤੱਕ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰੀਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਹੋਵਾਹ ਦੀ ਤਲਵਾਰ ਅਰਥਾਤ ਮਹਾਂ ਮਰੀ ਦੇਸ ਵਿੱਚ ਹੋਵੇ ਅਤੇ ਯਹੋਵਾਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਸ਼ਟ ਕਰਦਾ ਫਿਰੇ। ਹੁਣ ਵਿਚਾਰ ਕਰ ਕੇ ਦੱਸ, ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਉੱਤਰ ਦੇਵਾਂ? 13 ਦਾਊਦ ਨੇ ਗਾਦ ਨੂੰ ਆਖਿਆ, ਮੈਂ ਤਾਂ ਵੱਡੀ ਮੁਸੀਬਤ ਵਿੱਚ ਪਿਆ ਹਾਂ, ਹੁਣ ਮੈਂ ਯਹੋਵਾਹ ਦੇ ਹੱਥ ਵਿੱਚ ਪਵਾਂ ਕਿਉਂ ਜੋ ਉਸ ਦੀ ਦਯਾ ਬਹੁਤ ਵੱਡੀ ਹੈ, ਪਰ ਮਨੁੱਖ ਦੇ ਹੱਥ ਵਿੱਚ ਨਾ ਪਵਾਂ। 14 ਸੋ ਯਹੋਵਾਹ ਨੇ ਇਸਰਾਏਲ ਉੱਤੇ ਮਹਾਂ ਮਰੀ ਘੱਲੀ ਅਤੇ ਇਸਰਾਏਲ ਵਿੱਚੋਂ ਸੱਤਰ ਹਜ਼ਾਰ ਲੋਕ ਮਰ ਗਏ। 15 ਯਹੋਵਾਹ ਨੇ ਇੱਕ ਦੂਤ ਯਰੂਸ਼ਲਮ ਨੂੰ ਭੇਜ ਦਿੱਤਾ ਤਾਂ ਜੋ ਉਹ ਦਾ ਨਾਸ ਕਰੇ, ਜਦੋਂ ਉਸ ਨੇ ਉਸ ਦੇ ਨਾਸ ਕਰਨ ਨੂੰ ਤਿਆਰੀ ਕੀਤੀ ਹੀ ਸੀ, ਤਾਂ ਪਰਮੇਸ਼ੁਰ ਵੇਖ ਕੇ ਉਸ ਦੁੱਖ ਦੇ ਦੇਣ ਤੋਂ ਪਛਤਾਇਆ ਅਤੇ ਉਸ ਨਸ਼ਟ ਕਰਨ ਵਾਲੇ ਦੂਤ ਨੂੰ ਆਗਿਆ ਦਿੱਤੀ, ਬਸ, ਬਹੁਤ ਹੋ ਗਿਆ, ਹੁਣ ਆਪਣਾ ਹੱਥ ਖਿੱਚ ਲੈ, ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਆਰਨਾਨ ਦੇ ਪਿੜ ਕੋਲ ਖੜ੍ਹਾ ਸੀ, 16 ਤਾਂ ਦਾਊਦ ਨੇ ਆਪਣੀਆਂ ਅੱਖਾਂ ਉਤਾਂਹ ਕਰ ਕੇ ਕੀ ਦੇਖਿਆ, ਕਿ ਯਹੋਵਾਹ ਦਾ ਦੂਤ ਅਕਾਸ਼ ਅਤੇ ਧਰਤੀ ਦੇ ਵਿਚਕਾਰ ਖਲੋਤਾ ਹੋਇਆ ਸੀ ਅਤੇ ਉਸ ਦੇ ਹੱਥ ਵਿੱਚ ਨੰਗੀ ਤਲਵਾਰ ਯਰੂਸ਼ਲਮ ਦੀ ਵੱਲ ਧੂਹੀ ਹੋਈ ਸੀ, ਤਾਂ ਦਾਊਦ ਅਤੇ ਬਜ਼ੁਰਗ ਤੱਪੜ ਪਹਿਨੇ ਹੋਏ ਮੂੰਹ ਦੇ ਭਾਰ ਡਿੱਗ ਪਏ। 17 ਅਤੇ ਦਾਊਦ ਨੇ ਪਰਮੇਸ਼ੁਰ ਦੇ ਅੱਗੇ ਬੇਨਤੀ ਕਰ ਕੇ ਆਖਿਆ, ਕੀ ਮੈਂ ਹੀ ਇਹ ਆਗਿਆ ਨਹੀਂ ਦਿੱਤੀ ਸੀ ਜੋ ਲੋਕਾਂ ਦੀ ਗਿਣਤੀ ਕੀਤੀ ਜਾਵੇ? ਪਾਪ ਤਾਂ ਮੈਂ ਕੀਤਾ ਹੈ ਅਤੇ ਸੱਚ-ਮੁੱਚ ਦੋਸ਼ ਮੇਰਾ ਹੈ, ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ਹੈ? ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੇਰਾ ਹੱਥ ਮੇਰੇ ਉੱਤੇ ਅਤੇ ਮੇਰੇ ਪਿਤਾ ਦੇ ਘਰਾਣੇ ਦੇ ਵਿਰੁੱਧ ਹੋਵੇ, ਨਾ ਕਿ ਤੇਰੇ ਲੋਕਾਂ ਉੱਤੇ, ਜੋ ਉਹ ਬਵਾ ਵਿੱਚ ਫਸ ਜਾਣ!। 18 ਤਾਂ ਯਹੋਵਾਹ ਦੇ ਦੂਤ ਨੇ ਗਾਦ ਨੂੰ ਆਗਿਆ ਦਿੱਤੀ ਕਿ ਦਾਊਦ ਨੂੰ ਆਖੋ ਜੋ ਦਾਊਦ ਜਾ ਕੇ ਯਬੂਸੀ ਆਰਨਾਨ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਵੇ। 19 ਫਿਰ ਦਾਊਦ ਗਾਦ ਦੀ ਆਗਿਆ ਅਨੁਸਾਰ, ਜਿਹੜੀ ਉਸ ਨੇ ਯਹੋਵਾਹ ਦੇ ਨਾਮ ਉੱਤੇ ਦਿੱਤੀ ਸੀ, ਚਲਾ ਗਿਆ। 20 ਆਰਨਾਨ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ 21 ਅਤੇ ਦਾਊਦ ਆਰਨਾਨ ਦੇ ਕੋਲ ਆਉਂਦਾ ਹੀ ਸੀ, ਤਾਂ ਆਰਨਾਨ ਨੇ ਦਾਊਦ ਨੂੰ ਦੇਖਿਆ, ਅਤੇ ਪਿੜ ਤੋਂ ਬਾਹਰ ਜਾ ਕੇ ਦਾਊਦ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ। 22 ਤਾਂ ਦਾਊਦ ਨੇ ਆਰਨਾਨ ਨੂੰ ਆਖਿਆ ਕਿ ਇਹ ਪਿੜ ਮੈਨੂੰ ਦੇ, ਤਾਂ ਜੋ ਮੈਂ ਐਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਵਾਂ। ਮੇਰੇ ਕੋਲੋਂ ਇਸ ਦਾ ਪੂਰਾ ਮੁੱਲ ਲੈ ਕੇ ਮੈਨੂੰ ਦੇ, ਤਾਂ ਜੋ ਲੋਕਾਂ ਦੇ ਸਿਰ ਉੱਤੋਂ ਮਰੀ ਹਟ ਜਾਏ। 23 ਅਤੇ ਆਰਨਾਨ ਨੇ ਦਾਊਦ ਨੂੰ ਅੱਗੋਂ ਆਖਿਆ ਕਿ ਲੈ ਲਓ ਅਤੇ ਜਿਵੇਂ ਮੇਰਾ ਸੁਆਮੀ ਪਾਤਸ਼ਾਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ, ਵੇਖੋ, ਮੈਂ ਤਾਂ ਹੋਮ ਦੀਆਂ ਬਲੀਆਂ ਦੇ ਲਈ ਬਲ਼ਦ, ਕਣਕ ਝਾੜਨ ਦਾ ਸਾਰਾ ਸਮਾਨ ਬਾਲਣ ਵਾਸਤੇ, ਅੰਨ ਦੀ ਭੇਟ ਵਾਸਤੇ ਕਣਕ ਅਤੇ ਸਭ ਕੁਝ ਦਿੰਦਾ ਹਾਂ। 24 ਤਦ ਦਾਊਦ ਪਾਤਸ਼ਾਹ ਨੇ ਆਰਨਾਨ ਨੂੰ ਆਖਿਆ, ਨਹੀਂ, ਸੱਚ-ਮੁੱਚ ਮੈਂ ਤਾਂ ਉਹ ਦਾ ਪੂਰਾ ਮੁੱਲ ਦੇ ਕੇ ਹੀ ਉਸ ਨੂੰ ਖਰੀਦਾਂਗਾ ਕਿਉਂ ਜੋ ਮੈਂ ਯਹੋਵਾਹ ਦੇ ਲਈ ਤੇਰਾ ਮਾਲ ਨਹੀਂ ਲਵਾਂਗਾ, ਨਾ ਮੁੱਲ ਤੋਂ ਬਿਨਾਂ ਹੋਮ ਬਲੀ ਚੜ੍ਹਾਵਾਂਗਾ। 25 ਅਖ਼ੀਰ, ਦਾਊਦ ਨੇ ਆਰਨਾਨ ਨੂੰ ਉਸੇ ਥਾਂ ਦੇ ਲਈ ਛੇ ਸੌ ਤੋੜਾ ਸੋਨਾ ਤੋਲ ਕੇ ਦਿੱਤਾ। 26 ਦਾਊਦ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ, ਅਤੇ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਤਾਂ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀ ਜਗਵੇਦੀ ਉੱਤੇ ਅੱਗ ਭੇਜ ਕੇ ਉਸ ਨੂੰ ਉੱਤਰ ਦਿੱਤਾ। 27 ਯਹੋਵਾਹ ਨੇ ਉਸ ਦੂਤ ਨੂੰ ਆਗਿਆ ਦਿੱਤੀ, ਤਦ ਉਸ ਨੇ ਆਪਣੀ ਤਲਵਾਰ ਫੇਰ ਮਿਆਨ ਵਿੱਚ ਪਾ ਲਈ। 28 ਉਸ ਵੇਲੇ ਜਦ ਦਾਊਦ ਨੇ ਦੇਖਿਆ, ਜੋ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ, ਤਦ ਉਸ ਨੇ ਉੱਥੇ ਬਲੀਦਾਨ ਚੜ੍ਹਾਇਆ। 29 ਕਿਉਂ ਜੋ ਉਸ ਵੇਲੇ ਯਹੋਵਾਹ ਦਾ ਡੇਰਾ ਜਿਹੜਾ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ ਅਤੇ ਹੋਮ ਦੀ ਜਗਵੇਦੀ ਗਿਬਓਨ ਦੇ ਉੱਚੇ ਥਾਂ ਉੱਤੇ ਸਨ 30 ਪਰ ਦਾਊਦ ਪਰਮੇਸ਼ੁਰ ਦੀ ਭਾਲ ਵਿੱਚ ਉੱਥੇ ਉਹ ਦੇ ਅੱਗੇ ਬੇਨਤੀ ਕਰਨ ਲਈ ਨਾ ਜਾ ਸਕਿਆ, ਕਿਉਂ ਜੋ ਉਹ ਯਹੋਵਾਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।
In Other Versions
1 Chronicles 21 in the ANTPNG2D
1 Chronicles 21 in the BNTABOOT
1 Chronicles 21 in the BOATCB2
1 Chronicles 21 in the BOGWICC
1 Chronicles 21 in the BOHNTLTAL
1 Chronicles 21 in the BOILNTAP
1 Chronicles 21 in the BOKHWOG
1 Chronicles 21 in the KBT1ETNIK
1 Chronicles 21 in the TBIAOTANT