1 Chronicles 28 (IRVP)
1 ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ, ਅਰਥਾਤ ਗੋਤਾਂ ਦੇ ਸਰਦਾਰਾਂ ਨੂੰ ਅਤੇ ਉਨ੍ਹਾਂ ਮੰਡਲੀਆਂ ਦੇ ਸਰਦਾਰਾਂ ਨੂੰ, ਜਿਹੜੇ ਵਾਰੋ-ਵਾਰੀ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਹਜ਼ਾਰਾਂ ਦੇ ਸਰਦਾਰਾਂ ਨੂੰ, ਸੈਂਕੜਿਆਂ ਦੇ ਸਰਦਾਰਾਂ ਨੂੰ, ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦੇ ਸਾਰੇ ਮਾਲ ਧਨ ਦੇ ਸਰਦਾਰਾਂ ਨੂੰ, ਹੁੱਦੇਦਾਰਾਂ ਨੂੰ, ਸੂਰਮਿਆਂ ਨੂੰ, ਅਤੇ ਸਾਰੇ ਮਹਾਂ ਬਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਕੀਤਾ 2 ਤਾਂ ਦਾਊਦ ਪਾਤਸ਼ਾਹ ਨੇ ਆਪਣੇ ਪੱਬਾਂ ਦੇ ਭਾਰ ਖੜਾ ਹੋ ਕੇ ਆਖਿਆ, ਹੇ ਮੇਰੇ ਭਾਈਓ ਅਤੇ ਹੇ ਮੇਰੀ ਪਰਜਾ, ਮੇਰੀ ਸੁਣੋ! ਮੇਰੇ ਮਨ ਵਿੱਚ ਸੀ ਕਿ ਮੈਂ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਲਈ ਸੁੱਖ ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰਾਂ ਦੇ ਤਲੇ ਦੀ ਚੌਂਕੀ ਬਣਾਵਾਂ, ਅਤੇ ਮੈਂ ਉਸ ਦੇ ਬਣਾਉਣ ਦੇ ਲਈ ਤਿਆਰੀ ਕੀਤੀ ਸੀ 3 ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ਤੂੰ ਮੇਰੇ ਨਾਮ ਦੇ ਲਈ ਭਵਨ ਨਾ ਬਣਾ, ਕਿਉਂਕਿ ਤੂੰ ਇੱਕ ਯੋਧਾ ਹੈ ਅਤੇ ਤੂੰ ਲਹੂ ਵਹਾਇਆ ਹੈ, 4 ਪਰੰਤੂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਸਾਰੇ ਵੰਸ਼ ਵਿੱਚੋਂ ਚੁਣ ਲਿਆ, ਜੋ ਮੈਂ ਇਸਰਾਏਲ ਦੇ ਉੱਤੇ ਸਦਾ ਤੱਕ ਪਾਤਸ਼ਾਹ ਹੋਵਾਂ, ਕਿਉਂ ਜੋ ਉਸ ਨੇ ਯਹੂਦਾਹ ਨੂੰ ਆਗੂ ਹੋਣ ਦੇ ਲਈ ਚੁਣ ਕੇ ਕੱਢਿਆ ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਮੇਰੇ ਪਿਤਾ ਦੇ ਪਰਿਵਾਰ ਨੂੰ ਅਤੇ ਮੇਰੇ ਪਿਤਾ ਦੇ ਪੁੱਤਰਾਂ ਵਿੱਚੋਂ ਮੈਨੂੰ ਪਸੰਦ ਕੀਤਾ, ਜੋ ਮੈਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਵੇ 5 ਅਤੇ ਮੇਰਿਆਂ ਸਾਰਿਆਂ ਪੁੱਤਰਾਂ ਵਿੱਚੋਂ (ਹਾਂ ਯਹੋਵਾਹ ਨੇ ਮੈਨੂੰ ਬਹੁਤ ਪੁੱਤਰ ਬਖਸ਼ ਦਿੱਤੇ ਹਨ) ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਪਸੰਦ ਕੀਤਾ, ਤਾਂ ਕਿ ਯਹੋਵਾਹ ਦੇ ਰਾਜ ਵਿੱਚ ਇਸਰਾਏਲ ਦੀ ਗੱਦੀ ਉੱਤੇ ਬਿਰਾਜਮਾਨ ਹੋਵੇ। 6 ਉਸ ਨੇ ਮੈਨੂੰ ਕਿਹਾ, ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਭਵਨ ਅਤੇ ਦਰਬਾਰਾਂ ਨੂੰ ਬਣਾਵੇਗਾ ਕਿਉਂ ਜੋ ਮੈਂ ਉਸ ਨੂੰ ਚੁਣ ਲਿਆ ਹੈ, ਜੋ ਉਹ ਮੇਰਾ ਪੁੱਤਰ ਹੋਵੇ ਅਤੇ ਮੈਂ ਉਸ ਦਾ ਪਿਤਾ ਹੋਵਾਂ 7 ਅਤੇ ਜੇ ਉਹ ਮੇਰੇ ਨਿਆਂਵਾਂ ਅਤੇ ਮੇਰਿਆਂ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ, ਜਿਵੇਂ ਇਸ ਵੇਲੇ ਹੈ ਤਾਂ ਮੈਂ ਉਸ ਦਾ ਰਾਜ ਸਦਾ ਤੱਕ ਸਥਿਰ ਕਰਾਂਗਾ 8 ਇਸ ਲਈ ਹੁਣ ਸਾਰੇ ਇਸਰਾਏਲ ਦੇ ਵੇਖਦਿਆਂ, ਅਰਥਾਤ ਯਹੋਵਾਹ ਦੀ ਸਭਾ ਦੇ ਅੱਗੇ ਅਤੇ ਸਾਡੇ ਪਰਮੇਸ਼ੁਰ ਦੇ ਸੁਣਨ ਵਿੱਚ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸਾਰੀਆਂ ਆਗਿਆਵਾਂ ਉੱਤੇ ਧਿਆਨ ਰੱਖੋ, ਅਤੇ ਉਸ ਦੀ ਖੋਜ ਕਰੋ ਤਾਂ ਜੋ ਤੁਸੀਂ ਇਸ ਚੰਗੇ ਦੇਸ ਦੇ ਮਾਲਕ ਹੋਵੋ ਅਤੇ ਆਪਣੇ ਪਿੱਛੋਂ ਆਪਣੀ ਸੰਤਾਨ ਨੂੰ ਸਦਾ ਦੇ ਅਧਿਕਾਰ ਲਈ ਛੱਡ ਜਾਓ। 9 ਤੂੰ ਹੇ ਮੇਰੇ ਪੁੱਤਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਦ੍ਰਿੜ੍ਹ ਮਨ ਨਾਲ, ਅਤੇ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਨੂੰ ਜਾਂਚਦਾ ਹੈ ਅਤੇ ਜੋ ਵਿਚਾਰ ਪੈਦਾ ਹੁੰਦੇ ਹਨ ਉਹਨਾਂ ਨੂੰ ਜਾਣਦਾ ਹੈ। ਜੇ ਤੂੰ ਉਸ ਨੂੰ ਖ਼ੋਜੇਂਗਾ ਤਾਂ ਉਹ ਤੈਨੂੰ ਮਿਲ ਜਾਵੇਗਾ ਪਰ ਜੇ ਤੂੰ ਉਸ ਨੂੰ ਤਿਆਗ ਦੇਵੇਂ ਤਾਂ ਉਹ ਤੈਨੂੰ ਸਦੀਪਕਾਲ ਤੱਕ ਤਿਆਗ ਦੇਵੇਗਾ 10 ਹੁਣ ਵੇਖ, ਕਿਉਂ ਜੋ ਯਹੋਵਾਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਅਤੇ ਉਸ ਨੂੰ ਬਣਾ!। 11 ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸ ਦੇ ਦਲਾਨਾਂ ਦਾ, ਉਸ ਦੇ ਘਰਾਂ ਦਾ, ਉਸ ਦੇ ਭੰਡਾਰਾਂ ਦਾ, ਉਸ ਦੀਆਂ ਉੱਪਰਲੀਆਂ ਕੋਠੜੀਆਂ ਦਾ, ਉਸ ਦੀਆਂ ਅੰਦਰਲੀਆਂ ਕੋਠੜੀਆਂ ਦਾ ਅਤੇ ਉਸ ਦੀ ਪ੍ਰਾਸਚਿੱਤ ਦੇ ਸਥਾਨ ਦਾ ਨਕਸ਼ਾ ਦਿੱਤਾ 12 ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਹੋਵਾਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ੁਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ 13 ਅਤੇ ਜਾਜਕਾਂ ਤੇ ਲੇਵੀਆਂ ਦੀਆਂ ਵਾਰੀਆਂ ਦਾ, ਅਤੇ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਦੇ ਸਾਰੇ ਕਾਰਜ ਦੇ ਲਈ, ਅਤੇ ਯਹੋਵਾਹ ਦੇ ਭਵਨ ਦੀ ਭਗਤੀ ਦੇ ਸਾਰੇ ਭਾਂਡਿਆ ਦੇ ਲਈ 14 ਅਤੇ ਸੋਨੇ ਦੇ ਭਾਂਡਿਆ ਦੇ ਲਈ ਸੋਨਾ ਤੋਲ ਕੇ ਦਿੱਤਾ, ਹਰੇਕ ਪ੍ਰਕਾਰ ਦੀ ਸੇਵਾ ਦੇ ਸਾਰੇ ਭਾਂਡਿਆ ਦੇ ਲਈ ਅਤੇ ਚਾਂਦੀ ਦੇ ਸਾਰੇ ਭਾਂਡਿਆ ਦੇ ਲਈ ਚਾਂਦੀ ਤੋਲ ਦਿੱਤੀ, ਸਭ ਪ੍ਰਕਾਰ ਦੀ ਟਹਿਲ ਸੇਵਾ ਦੇ ਸਾਰੇ ਭਾਂਡਿਆ ਦੇ ਲਈ 15 ਅਤੇ ਸੁਨਹਿਰੀ ਦੀਵਟ ਅਤੇ ਉਨ੍ਹਾਂ ਦੇ ਸੁਨਹਿਰੀ ਦੀਵਿਆਂ ਦੇ ਲਈ ਵੀ ਤੋਲ ਨਾਲ ਦਿੱਤਾ ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ ਸੋਨਾ ਤੋਲ ਕੇ ਦਿੱਤਾ ਅਤੇ ਚਾਂਦੀ ਦੀਆਂ ਦੀਵਟਾਂ ਦੇ ਲਈ ਚਾਂਦੀ ਤੋਲ ਦਿੱਤੀ, ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ, ਜਿਵੇਂ ਹਰੇਕ ਦੀਵਟ ਦੇ ਕੰਮ ਲਈ ਜ਼ਰੂਰੀ ਸੀ, ਚਾਂਦੀ ਤੋਲ ਨਾਲ ਦਿੱਤੀ 16 ਅਤੇ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ ਅਤੇ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਤੋਲ ਦਿੱਤੀ। 17 ਕਾਂਟਿਆਂ, ਬਾਟੀਆਂ ਅਤੇ ਕਟੋਰਿਆਂ ਦੇ ਲਈ ਕੁੰਦਨ ਸੋਨਾ ਦਿੱਤਾ, ਅਤੇ ਸੁਨਹਿਰੀ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਸੋਨਾ ਤੋਲ ਨਾਲ ਦਿੱਤਾ ਅਤੇ ਚਾਂਦੀ ਦੇ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਚਾਂਦੀ ਤੋਲ ਕੇ ਦਿੱਤਾ, 18 ਅਤੇ ਧੂਪ ਦੀ ਜਗਵੇਦੀ ਦੇ ਲਈ ਕੁੰਦਨ ਸੋਨਾ ਤੋਲ ਦਿੱਤਾ ਅਤੇ ਕਰੂਬੀਆਂ ਦੇ ਸੁਨਹਿਰੀ ਰਥ ਦੇ ਨਮੂਨੇ ਦੇ ਅਨੁਸਾਰ ਜਿਹੜੇ ਖੰਭ ਪਸਾਰੇ ਹੋਏ ਯਹੋਵਾਹ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ। 19 ਦਾਊਦ ਬੋਲਿਆ, ਇਹ ਸੱਭੇ ਲਿਖਤ ਨਾਲ ਯਹੋਵਾਹ ਨੇ ਆਪਣੇ ਹੱਥ ਦੇ ਰਾਹੀਂ ਜੋ ਮੇਰੇ ਉੱਤੇ ਸੀ ਇਸ ਨਕਸ਼ੇ ਦੇ ਸਾਰੇ ਕੰਮ ਮੈਨੂੰ ਸਿਖਾਏ 20 ਅਤੇ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ, ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰੀਂ ਅਤੇ ਨਾ ਘਬਰਾਵੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੱਕ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ! 21 ਅਤੇ ਵੇਖ, ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ੁਰ ਦੇ ਭਵਨ ਦੀ ਸਾਰੀ ਟਹਿਲ ਸੇਵਾ ਦੇ ਲਈ ਹਾਜ਼ਰ ਹਨ ਅਤੇ ਹਰ ਪਰਕਾਰ ਦੇ ਕਾਰਜ ਲਈ ਸਾਰੇ ਪੁਰਸ਼ ਜਿਹੜੇ ਹਰ ਪਰਕਾਰ ਦੀ ਸੇਵਾ ਵਿੱਚ ਚਤਰ ਹਨ, ਤੇਰੇ ਨਾਲ ਹੋਣਗੇ, ਸਰਦਾਰ ਅਤੇ ਸਾਰੇ ਲੋਕ ਤੇਰੀ ਆਗਿਆ ਵਿੱਚ ਹੋਣਗੇ।
In Other Versions
1 Chronicles 28 in the ANTPNG2D
1 Chronicles 28 in the BNTABOOT
1 Chronicles 28 in the BOATCB2
1 Chronicles 28 in the BOGWICC
1 Chronicles 28 in the BOHNTLTAL
1 Chronicles 28 in the BOILNTAP
1 Chronicles 28 in the BOKHWOG
1 Chronicles 28 in the KBT1ETNIK
1 Chronicles 28 in the TBIAOTANT