Acts 23 (IRVP)
1 ਤਦ ਪੌਲੁਸ ਨੇ ਸਭਾ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੱਕ ਪੂਰੀ ਨੇਕ ਨੀਅਤ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ। 2 ਤਦ ਹਨਾਨਿਯਾਹ ਨਾਮ ਦੇ ਪ੍ਰਧਾਨ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਹੁਕਮ ਦਿੱਤਾ ਕਿ ਇਹ ਦੇ ਮੂੰਹ ਤੇ ਮਾਰੋ। 3 ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠਾ ਹੈਂ ਅਤੇ ਫਿਰ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ? 4 ਤਦ ਜਿਹੜੇ ਕੋਲ ਖੜੇ ਸਨ ਉਹ ਬੋਲੇ, ਕੀ ਤੂੰ ਪਰਮੇਸ਼ੁਰ ਦੇ ਪ੍ਰਧਾਨ ਜਾਜਕ ਦੀ ਬੇਇੱਜ਼ਤੀ ਕਰਦਾ ਹੈਂ? 5 ਤਦ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਪਤਾ ਨਹੀਂ ਸੀ ਜੋ ਇਹ ਪ੍ਰਧਾਨ ਜਾਜਕ ਹੈ ਕਿਉਂ ਜੋ ਲਿਖਿਆ ਹੈ ਕਿ ਤੂੰ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਫਿਟਕਾਰ ਨਾ ਦੇ।। 6 ਪਰ ਜਦੋਂ ਪੌਲੁਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿੱਚ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਾਰੇ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ। 7 ਜਦੋਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ। 8 ਕਿਉਂ ਜੋ ਸਦੂਕੀ ਆਖਦੇ ਹਨ ਕਿ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ, ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ। 9 ਤਦ ਵੱਡਾ ਰੌਲ਼ਾ ਪਿਆ ਅਤੇ ਫ਼ਰੀਸੀਆਂ ਦੀ ਵੱਲ ਦੇ ਉਪਦੇਸ਼ਕਾਂ ਵਿੱਚੋਂ ਕਈ ਆਦਮੀ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਇਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਦਿੱਸਦੀ ਪਰ ਜੇ ਕਿਸੇ ਆਤਮਾ ਜਾਂ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ, ਤਾਂ ਫੇਰ ਕੀ ਹੋਇਆ? 10 ਜਦੋਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਅਧਿਕਾਰੀ ਨੇ ਇਸ ਡਰ ਦੇ ਮਾਰੇ ਕਿ ਕਿਤੇ ਉਹ ਪੌਲੁਸ ਦੇ ਟੋਟੇ ਨਾ ਕਰ ਦੇਣ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਕਿਲੇ ਅੰਦਰ ਲੈ ਜਾਓ। 11 ਉਸੇ ਰਾਤ ਪ੍ਰਭੂ ਨੇ ਉਹ ਦੇ ਕੋਲ ਖੜੇ ਹੋ ਕੇ ਕਿਹਾ, ਹੌਂਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੂੰ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਗਵਾਹੀ ਦਿੱਤੀ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਗਵਾਹੀ ਦੇਣੀ ਪਵੇਗੀ। 12 ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਹਾਏ! 13 ਜਿਨ੍ਹਾਂ ਆਪਸ ਵਿੱਚ ਮਿਲ ਕੇ ਇਹ ਸਹੁੰ ਖਾਧੀ ਉਹ ਚਾਲ੍ਹੀਆਂ ਤੋਂ ਵੱਧ ਸਨ। 14 ਸੋ ਉਨ੍ਹਾਂ ਨੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਕਿ ਅਸੀਂ ਸਹੁੰ ਖਾਧੀ ਹੈ ਕਿ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ। 15 ਸੋ ਹੁਣ ਤੁਸੀਂ ਸਭਾ ਦੇ ਨਾਲ ਮਿਲ ਕੇ ਫੌਜ ਦੇ ਸਰਦਾਰ ਨੂੰ ਆਖੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਕਿ ਜਿਵੇਂ ਤੁਸੀਂ ਉਹ ਦੀ ਹਕੀਕਤ ਦੀ ਹੋਰ ਵੀ ਠੀਕ ਤਰ੍ਹਾਂ ਜਾਂਚ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਦੇਣ ਲਈ ਤਿਆਰ ਰਹਾਂਗੇ। 16 ਪਰ ਪੌਲੁਸ ਦਾ ਭਣੇਵਾਂ ਉਨ੍ਹਾਂ ਦੀ ਸਾਜਿਸ਼ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲੁਸ ਨੂੰ ਦੱਸ ਦਿੱਤਾ। 17 ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਕਿ ਇਸ ਜਵਾਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾ ਕਿਉਂ ਜੋ ਇਸ ਨੇ ਉਹ ਨੂੰ ਕੁਝ ਦੱਸਣਾ ਹੈ। 18 ਸੋ ਉਸ ਨੇ ਉਹ ਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ, ਪੌਲੁਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਬੇਨਤੀ ਕੀਤੀ ਕਿ ਇਸ ਜਵਾਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। 19 ਉਪਰੰਤ ਸਰਦਾਰ ਨੇ ਉਹ ਦਾ ਹੱਥ ਫੜਿਆ ਅਤੇ ਇੱਕ ਪਾਸੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ, ਉਹ ਕੀ ਹੈ ਜੋ ਤੂੰ ਮੈਨੂੰ ਦੱਸਣਾ ਹੈ? 20 ਉਹ ਬੋਲਿਆ, ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਬੇਨਤੀ ਕਰਨ ਜੋ ਤੁਸੀਂ ਭਲਕੇ ਪੌਲੁਸ ਨੂੰ ਸਭਾ ਵਿੱਚ ਲਿਆਵੋ ਕਿ ਜਿਵੇਂ ਤੁਸੀਂ ਉਹ ਦੇ ਬਾਰੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਣਾਂ ਚਾਹੁੰਦੇ ਹੋ। 21 ਸੋ ਤੁਸੀਂ ਉਨ੍ਹਾਂ ਦੀ ਨਾ ਮੰਨਿਓ ਕਿਉਂ ਜੋ ਉਨ੍ਹਾਂ ਵਿੱਚੋਂ ਚਾਲ੍ਹੀਆਂ ਮਨੁੱਖਾਂ ਤੋਂ ਵੱਧ ਉਹ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਉਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਹਨ। 22 ਤਾਂ ਸਰਦਾਰ ਨੇ ਉਸ ਜਵਾਨ ਨੂੰ ਇਹ ਹੁਕਮ ਦੇ ਕੇ ਵਿਦਾ ਕੀਤਾ ਕਿ ਕਿਸੇ ਕੋਲ ਨਾ ਆਖੀਂ ਜੋ ਤੂੰ ਇਹ ਗੱਲ ਮੈਨੂੰ ਦੱਸੀਂ ਹੈ। 23 ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਕਿ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਲਈ ਅਤੇ ਸੱਤਰ ਘੋੜ ਸਵਾਰ ਅਤੇ ਦੋ ਸੌ ਭਾਲੇ ਚੁਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ। 24 ਅਤੇ ਸਵਾਰੀ ਹਾਜ਼ਰ ਕਰੋ ਜੋ ਉਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਰਖਿਅਤ ਪਹੁੰਚਾ ਦੇਣ। 25 ਫੇਰ ਉਸ ਨੇ ਇਸ ਪਰਕਾਰ ਦੀ ਚਿੱਠੀ ਲਿਖੀ, 26 ਕਲੌਦਿਯੁਸ ਲੁਸਿਯਸ ਦੇ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ। 27 ਇਸ ਆਦਮੀ ਨੂੰ ਜਦੋਂ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਪਤਾ ਕਰ ਕੇ ਕਿ ਉਹ ਰੋਮੀ ਹੈ, ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ। 28 ਅਤੇ ਜਦੋਂ ਮੈਂ ਇਹ ਪਤਾ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਦੋਸ਼ ਲਾਇਆ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ। 29 ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਬਿਵਸਥਾ ਦੇ ਝਗੜਿਆਂ ਬਾਰੇ ਇਸ ਉੱਤੇ ਦੋਸ਼ ਲਾਇਆ, ਪਰ ਕੋਈ ਇਹੋ ਜਿਹਾ ਦੋਸ਼ ਨਹੀਂ ਸੀ ਜੋ ਉਹ ਦੇ ਕਤਲ ਜਾਂ ਕੈਦ ਦਾ ਕਾਰਨ ਹੋਵੇ। 30 ਜਦੋਂ ਮੈਨੂੰ ਪਤਾ ਲੱਗਾ ਜੋ ਉਹ ਇਸ ਆਦਮੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਤਾਂ ਮੈਂ ਤੁਰੰਤ ਇਹ ਨੂੰ ਤੁਹਾਡੇ ਕੋਲ ਭੇਜ ਦਿੱਤਾ ਅਤੇ ਇਹ ਦੇ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਦੋਸ਼ ਲਾਉਣ। 31 ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਵਿੱਚ ਪਹੁੰਚਾਇਆ। 32 ਪਰ ਅਗਲੇ ਦਿਨ ਘੋੜ ਸਵਾਰਾਂ ਨੂੰ ਉਹ ਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ। 33 ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆ ਕੇ ਹਾਕਮ ਨੂੰ ਚਿੱਠੀ ਦਿੱਤੀ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ। 34 ਉਸ ਨੇ ਚਿੱਠੀ ਪੜ੍ਹ ਕੇ ਪੁੱਛਿਆ ਕਿ ਉਹ ਕਿਹੜੇ ਸੂਬੇ ਦਾ ਹੈ ਅਤੇ ਜਦੋਂ ਪਤਾ ਕੀਤਾ ਜੋ ਉਹ ਕਿਲਕਿਯਾ ਦਾ ਹੈ l 35 ਅਤੇ ਕਿਹਾ ਕਿ ਤੇਰੇ ਉੱਤੇ ਦੋਸ਼ ਲਾਉਣ ਵਾਲੇ ਆ ਜਾਣ ਤਦ ਮੈਂ ਤੇਰੀ ਸੁਣਾਂਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹ ਨੂੰ ਚੌਕਸੀ ਨਾਲ ਰੱਖੋ।