Judges 2 (IRVP)
1 ਤਦ ਯਹੋਵਾਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਕਹਿਣ ਲੱਗਾ, “ਮੈਂ ਤੁਹਾਨੂੰ ਮਿਸਰ ਤੋਂ ਕੱਢ ਲਿਆਇਆ ਅਤੇ ਤੁਹਾਨੂੰ ਇਸ ਦੇਸ਼ ਵਿੱਚ ਜਿਸ ਦੀ ਮੈਂ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਲੈ ਆਇਆ ਅਤੇ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੇ ਨਾ ਤੋੜਾਂਗਾ। 2 ਪਰ ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਨੇਮ ਨਾ ਬੰਨ੍ਹਿਓ ਸਗੋਂ ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਪਰ ਤੁਸੀਂ ਮੇਰਾ ਹੁਕਮ ਨਾ ਮੰਨਿਆ, ਤੁਸੀਂ ਅਜਿਹਾ ਕਿਉਂ ਕੀਤਾ? 3 ਇਸ ਲਈ ਮੈਂ ਵੀ ਕਹਿੰਦਾ ਹਾਂ, ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿੱਚ ਕੰਡਿਆਂ ਵਰਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫਾਹੀ ਹੋਣਗੇ।” 4 ਜਦ ਯਹੋਵਾਹ ਦੇ ਦੂਤ ਨੇ ਇਹ ਗੱਲਾਂ ਸਾਰੇ ਇਸਰਾਏਲੀਆਂ ਨੂੰ ਆਖੀਆਂ ਤਾਂ ਉਹ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗ ਪਏ। 5 ਅਤੇ ਉਨ੍ਹਾਂ ਨੇ ਉਸ ਸਥਾਨ ਦਾ ਨਾਮ ਬੋਕੀਮ ਰੱਖਿਆ ਅਤੇ ਉੱਥੇ ਉਨ੍ਹਾਂ ਨੇ ਯਹੋਵਾਹ ਦੇ ਲਈ ਬਲੀਆਂ ਚੜ੍ਹਾਈਆਂ। 6 ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿਦਿਆ ਕੀਤਾ, ਤਾਂ ਸਾਰੇ ਇਸਰਾਏਲੀ ਆਪੋ ਆਪਣੇ ਹਿੱਸੇ ਵਿੱਚ ਚਲੇ ਗਏ ਤਾਂ ਜੋ ਉਸ ਦੇਸ਼ ਨੂੰ ਆਪਣੇ ਵੱਸ ਵਿੱਚ ਕਰ ਲੈਣ। 7 ਅਤੇ ਉਹ ਲੋਕ ਯਹੋਸ਼ੁਆ ਦੇ ਜੀਵਨ ਭਰ ਅਤੇ ਜਦ ਤੱਕ ਉਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਮਰਨ ਤੋਂ ਬਾਅਦ ਸਨ, ਅਤੇ ਜਿਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮਾਂ ਨੂੰ ਵੇਖਿਆ ਸੀ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਸਨ, ਤਦ ਤੱਕ ਉਹ ਯਹੋਵਾਹ ਦੀ ਉਪਾਸਨਾ ਕਰਦੇ ਰਹੇ। 8 ਤਦ ਯਹੋਵਾਹ ਦਾ ਦਾਸ ਨੂਨ ਦਾ ਪੁੱਤਰ ਯਹੋਸ਼ੁਆ ਇੱਕ ਸੌ ਦਸ ਸਾਲ ਦਾ ਹੋ ਕੇ ਮਰ ਗਿਆ। 9 ਅਤੇ ਉਨ੍ਹਾਂ ਨੇ ਉਸ ਦੇ ਹਿੱਸੇ ਦੀ ਜ਼ਮੀਨ ਤਿਮਨਥ-ਹਰਸ ਵਿੱਚ ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਗਾਸ਼ ਨਾਮਕ ਪਰਬਤ ਦੇ ਉੱਤਰ ਵੱਲ ਹੈ, ਉਸ ਨੂੰ ਦੱਬ ਦਿੱਤਾ। 10 ਸੋ ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪੁਰਖਿਆਂ ਨਾਲ ਜਾ ਰਲੇ ਅਤੇ ਉਨ੍ਹਾਂ ਦੇ ਬਾਅਦ ਇੱਕ ਹੋਰ ਪੀੜ੍ਹੀ ਉੱਠੀ, ਜੋ ਨਾ ਤਾਂ ਯਹੋਵਾਹ ਨੂੰ ਜਾਣਦੀ ਸੀ ਅਤੇ ਨਾ ਹੀ ਉਨ੍ਹਾਂ ਕੰਮਾਂ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਸਨ। 11 ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲ ਦੇਵਤਿਆਂ ਦੀ ਪੂਜਾ ਕਰਨ ਲੱਗੇ। 12 ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ, ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ, ਛੱਡ ਦਿੱਤਾ, ਅਤੇ ਪਰਾਏ ਦੇਵਤਿਆਂ ਦੀ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਪੂਜਾ ਕਰਨ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ, ਅਤੇ ਯਹੋਵਾਹ ਦਾ ਕ੍ਰੋਧ ਭੜਕਾਇਆ। 13 ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ, ਅਤੇ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਪੂਜਾ ਕਰਨ ਲੱਗੇ। 14 ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ, ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਨ੍ਹਾਂ ਦੇ ਚੁਫ਼ੇਰੇ ਸਨ ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਨਾ ਹੋ ਸਕੇ। 15 ਅਤੇ ਜਿੱਥੇ ਕਿਤੇ ਉਹ ਬਾਹਰ ਨਿੱਕਲਦੇ, ਉੱਥੇ ਯਹੋਵਾਹ ਦਾ ਹੱਥ ਉਨ੍ਹਾਂ ਉੱਤੇ ਬੁਰਿਆਈ ਦੇ ਲਈ ਹੀ ਸੀ, ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ, ਅਤੇ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਪੈ ਗਏ। 16 ਫੇਰ ਵੀ ਯਹੋਵਾਹ ਉਨ੍ਹਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਜੋ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ। 17 ਪਰ ਉਹ ਆਪਣੇ ਨਿਆਂਈਆਂ ਦੀ ਵੀ ਨਹੀਂ ਮੰਨਦੇ ਸਨ, ਸਗੋਂ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਦੇ ਸਨ, ਅਤੇ ਉਹ ਉਸ ਰਾਹ ਤੋਂ ਛੇਤੀ ਨਾਲ ਮੁੜ ਗਏ ਜਿਸ ਉੱਤੇ ਉਨ੍ਹਾਂ ਦੇ ਪਿਉ-ਦਾਦੇ ਯਹੋਵਾਹ ਦੀ ਆਗਿਆ ਮੰਨਦੇ ਹੋਏ ਚੱਲਦੇ ਸਨ ਅਤੇ ਉਨ੍ਹਾਂ ਵਾਂਗੂੰ ਨਾ ਚੱਲੇ। 18 ਜਦ ਯਹੋਵਾਹ ਉਨ੍ਹਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਤਾਂ ਯਹੋਵਾਹ ਉਨ੍ਹਾਂ ਨਿਆਂਈਆਂ ਦੇ ਨਾਲ ਰਹਿੰਦਾ ਸੀ ਅਤੇ ਜਦ ਤੱਕ ਨਿਆਈਂ ਜੀਉਂਦਾ ਰਹਿੰਦਾ ਸੀ ਤਦ ਤੱਕ ਇਸਰਾਏਲ ਨੂੰ ਉਸ ਦੇ ਵੈਰੀਆਂ ਦੇ ਹੱਥੋਂ ਛੁਡਾਉਂਦਾ ਸੀ, ਕਿਉਂ ਜੋ ਯਹੋਵਾਹ ਉਨ੍ਹਾਂ ਦੀ ਦੁਹਾਈ ਤੋਂ ਜੋ ਉਹ ਆਪਣੇ ਦੁੱਖ ਦੇਣ ਵਾਲਿਆਂ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ, ਦੁਖੀ ਹੁੰਦਾ ਸੀ। 19 ਪਰ ਜਦ ਉਹ ਨਿਆਈਂ ਮਰ ਜਾਂਦਾ ਤਾਂ ਉਹ ਫਿਰ ਮੁੜ ਜਾਂਦੇ, ਅਤੇ ਪਰਾਏ ਦੇਵਤਿਆਂ ਦੀ ਪੂਜਾ ਕਰਕੇ ਉਨ੍ਹਾਂ ਦੇ ਪਿੱਛੇ ਲੱਗਦੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕਦੇ, ਇਸ ਤਰ੍ਹਾਂ ਉਹ ਆਪਣੇ ਪੁਰਖਿਆਂ ਤੋਂ ਵੱਧ ਅਪਰਾਧੀ ਬਣੇ ਅਤੇ ਉਹ ਆਪਣੇ ਬੁਰੇ ਕੰਮਾਂ ਨੂੰ ਅਤੇ ਆਪਣੇ ਢੀਠਪੁਣੇ ਨੂੰ ਛੱਡਦੇ ਨਹੀਂ ਸਨ। 20 ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਭੜਕਿਆ ਅਤੇ ਉਸ ਨੇ ਕਿਹਾ, “ਕਿਉਂ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ, ਤੋੜ ਦਿੱਤਾ ਅਤੇ ਮੇਰੀ ਆਗਿਆ ਨਾ ਮੰਨੀ, 21 ਇਸ ਲਈ ਹੁਣ ਮੈਂ ਵੀ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਯਹੋਸ਼ੁਆ ਛੱਡ ਕੇ ਮਰ ਗਿਆ ਸੀ, ਕਿਸੇ ਨੂੰ ਵੀ ਉਨ੍ਹਾਂ ਦੇ ਅੱਗਿਓਂ ਨਹੀਂ ਕੱਢਾਂਗਾ 22 ਤਾਂ ਜੋ ਮੈਂ ਉਨ੍ਹਾਂ ਲੋਕਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਮੇਰੇ ਰਾਹਾਂ ਉੱਤੇ ਚੱਲਦੇ ਸਨ, ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ।” 23 ਇਸ ਲਈ ਯਹੋਵਾਹ ਨੇ ਉਨ੍ਹਾਂ ਦੇਸਾਂ ਦੇ ਲੋਕਾਂ ਨੂੰ ਛੇਤੀ ਨਾਲ ਨਾ ਕੱਢਿਆ ਸਗੋਂ ਉਨ੍ਹਾਂ ਨੂੰ ਰਹਿਣ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਯਹੋਸ਼ੁਆ ਦੇ ਹੱਥ ਵਿੱਚ ਵੀ ਨਹੀਂ ਦਿੱਤਾ ਸੀ।