1 Chronicles 29 (IRVP)
1 ਦਾਊਦ ਪਾਤਸ਼ਾਹ ਨੇ ਸਾਰੀ ਸਭਾ ਨੂੰ ਆਖਿਆ, ਮੇਰਾ ਪੁੱਤਰ ਸੁਲੇਮਾਨ ਜੋ ਇਕੱਲਾ ਪਰਮੇਸ਼ੁਰ ਨੇ ਚੁਣ ਲਿਆ ਹੈ, ਉਹ ਬਾਲਕ ਅਤੇ ਮਾਸੂਮ ਹੈ, ਪਰ ਕੰਮ ਬਹੁਤ ਵੱਡਾ ਹੈ ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਦੇ ਲਈ ਹੋਵੇਗਾ। 2 ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ। 3 ਕਿਉਂ ਜੋ ਮੈਂ ਆਪਣਾ ਮਨ ਆਪਣੇ ਪਰਮੇਸ਼ੁਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ੁਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ 4 ਅਰਥਾਤ ਤਿੰਨ ਹਜ਼ਾਰ ਕਤਾਰ ਸੋਨਾ ਓਫੀਰੀ ਸੋਨੇ ਤੋਂ, ਅਤੇ ਸੱਤ ਹਜ਼ਾਰ ਕੰਤਾਰ ਖਰੀ ਚਾਂਦੀ ਸਥਾਨ ਦੀਆਂ ਕੰਧਾਂ ਤੇ ਮੜ੍ਹਨ ਲਈ 5 ਉਹ ਸੋਨਾ ਸੋਨੇ ਦੀਆਂ ਵਸਤਾਂ ਦੇ ਲਈ, ਅਤੇ ਚਾਂਦੀ ਦੀਆਂ ਵਸਤਾਂ ਦੇ ਲਈ, ਅਤੇ ਕਾਰੀਗਰੀਆਂ ਦੇ ਹਰੇਕ ਪ੍ਰਕਾਰ ਦੇ ਕੰਮ ਦੇ ਲਈ ਹੈ। ਅਤੇ ਅਜਿਹਾ ਕਿਹੜਾ ਹੈ ਜੋ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾ ਕੇ ਯਹੋਵਾਹ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ? 6 ਤਦ ਪਿਤਾਵਾਂ ਦੀਆਂ ਕੁਲਾਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਗੋਤਾਂ ਦੇ ਸਰਦਾਰਾਂ ਅਤੇ ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਅਤੇ ਪਾਤਸ਼ਾਹ ਦੇ ਰਾਜ ਕਾਜ ਦੇ ਸਰਦਾਰਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਈਆਂ 7 ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੀ ਟਹਿਲ ਸੇਵਾ ਲਈ ਇੱਕ ਸੌ ਅਠਾਸੀ ਟਨ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਲੱਗਭੱਗ ਤਿੰਨ ਸੌ ਪੰਝੱਤਰ ਟਨ ਚਾਂਦੀ ਅਤੇ ਛੇ ਸੌ ਪੰਝੱਤਰ ਟਨ ਪਿੱਤਲ ਅਤੇ ਤਿੰਨ ਹਜ਼ਾਰ ਸੱਤ ਸੌ ਟਨ ਲੋਹਾ ਦਿੱਤਾ 8 ਅਤੇ ਜਿਨ੍ਹਾਂ ਦੇ ਕੋਲ ਅਣਮੋਲਕ ਪੱਥਰ ਸਨ, ਉਹਨਾਂ ਨੇ ਉਨ੍ਹਾਂ ਨੂੰ ਯਹੀਏਲ ਗੇਰਸ਼ੋਨੀ ਦੇ ਹੱਥੀਂ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤਾ 9 ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ। 10 ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾਹ ਦਾ ਧੰਨਵਾਦ ਕੀਤਾ ਅਤੇ ਦਾਊਦ ਨੇ ਆਖਿਆ, ਹੇ ਯਹੋਵਾਹ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ੁਰ, ਤੂੰ ਸਦੀਪਕਾਲ ਤੱਕ ਧੰਨ ਹੋ 11 ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ। 12 ਧਨ, ਮਾਯਾ ਅਤੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੂੰ ਸਾਰਿਆਂ ਦੇ ਸਿਰ ਉੱਤੇ ਰਾਜ ਕਰਦਾ ਹੈਂ, ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਤੇ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਾਰਿਆਂ ਨੂੰ ਬਖ਼ਸ਼ੇਂ 13 ਹੁਣ ਇਸ ਲਈ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ 14 ਪਰ ਮੈਂ ਕੌਣ ਅਤੇ ਮੇਰੀ ਪਰਜਾ ਕੌਣ, ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ! 15 ਅਸੀਂ ਤਾਂ ਆਪਣੇ ਪੁਰਖਿਆਂ ਵਾਂਗੂੰ ਤੇਰੇ ਅੱਗੇ ਓਪਰੇ ਅਤੇ ਰਾਹੀ ਹਾਂ, ਧਰਤੀ ਉੱਤੇ ਸਾਡੇ ਦਿਨ ਛਾਂ ਵਾਂਗੂੰ ਹਨ ਅਤੇ ਕੁਝ ਠਿਕਾਣਾ ਹੈ ਨਹੀਂ। 16 ਹੇ ਯਹੋਵਾਹ ਸਾਡੇ ਪਰਮੇਸ਼ੁਰ, ਇਹ ਸਭ ਭੰਡਾਰ ਜਿਹੜਾ ਅਸੀਂ ਇਕੱਠਾ ਕੀਤਾ ਹੈ, ਕਿ ਤੇਰੇ ਪਵਿੱਤਰ ਨਾਮ ਦੇ ਲਈ ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ ਹੈ ਅਤੇ ਸਭ ਤੇਰਾ ਹੀ ਹੈ। 17 ਹੇ ਮੇਰੇ ਪਰਮੇਸ਼ੁਰ, ਮੈਂ ਇਸ ਗੱਲ ਨੂੰ ਵੀ ਜਾਣਦਾ ਹਾਂ ਕਿ ਤੂੰ ਮਨ ਨੂੰ ਜਾਂਚਦਾ ਹੈਂ ਅਤੇ ਸਚਿਆਈ ਤੈਨੂੰ ਚੰਗੀ ਲੱਗਦੀ ਹੈ, ਅਤੇ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਇਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤੀ ਨਾਲ ਇਹ ਵੀ ਦੇਖਿਆ ਜੋ ਤੇਰੀ ਪਰਜਾ ਜਿਹੜੀ ਇੱਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਲਈ ਦਿੰਦੇ ਹਨ। 18 ਹੇ ਯਹੋਵਾਹ ਸਾਡੇ ਪਿਤਾਵਾਂ ਅਬਰਾਹਾਮ, ਇਸਹਾਕ, ਅਤੇ ਇਸਰਾਏਲ ਦੇ ਪਰਮੇਸ਼ੁਰ ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ੍ਹ ਕਰ, ਅਤੇ ਉਨ੍ਹਾਂ ਦੇ ਮਨਾਂ ਨੂੰ ਆਪਣੇ ਲਈ ਤਿਆਰ ਕਰ! 19 ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਸੱਚਾ ਮਨ ਬਖਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ। 20 ਤਦ ਦਾਊਦ ਨੇ ਸਾਰੀ ਸਭਾ ਨੂੰ ਆਗਿਆ ਦਿੱਤੀ ਕਿ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧੰਨ ਆਖੋ! ਤਾਂ ਸਾਰੀ ਸਭਾ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਆਪੋ ਆਪਣੇ ਸਿਰ ਝੁਕਾ ਕੇ ਯਹੋਵਾਹ ਨੂੰ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ 21 ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰ ਨੂੰ ਯਹੋਵਾਹ ਦੇ ਲਈ ਬਲੀਦਾਨਾਂ ਨੂੰ ਬਲੀਦਾਨ ਕੀਤਾ, ਅਤੇ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ, ਅਰਥਾਤ ਇੱਕ ਹਜ਼ਾਰ ਬਲ਼ਦ, ਇੱਕ ਹਜ਼ਾਰ ਛੱਤਰਾ, ਅਤੇ ਇੱਕ ਹਜ਼ਾਰ ਲੇਲਾ, ਉਨ੍ਹਾਂ ਦੇ ਪੀਣ ਦੀਆਂ ਭੇਟਾਂ ਅਤੇ ਬੇਅੰਤ ਬਲੀਆਂ ਸਣੇ ਜੋ ਸਾਰੀ ਇਸਰਾਏਲ ਦੇ ਲਈ ਸਨ 22 ਅਤੇ ਉਨ੍ਹਾਂ ਨੇ ਉਸੇ ਦਿਨ ਵੱਡੇ ਅਨੰਦ ਨਾਲ ਯਹੋਵਾਹ ਦੇ ਅੱਗੇ ਖਾਧਾ ਪੀਤਾ ਅਤੇ ਉਨ੍ਹਾਂ ਨੇ ਫੇਰ ਦੂਜੀ ਵਾਰੀ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਪਾਤਸ਼ਾਹ ਠਹਿਰਾਇਆ ਅਤੇ ਉਹ ਨੂੰ ਯਹੋਵਾਹ ਦੇ ਲਈ ਪ੍ਰਧਾਨ ਹੋਣ ਲਈ ਮਸਹ ਕੀਤਾ, ਅਤੇ ਸਾਦੋਕ ਨੂੰ ਜਾਜਕ ਹੋਣ ਦੇ ਲਈ 23 ਅਖ਼ੀਰ, ਸੁਲੇਮਾਨ ਯਹੋਵਾਹ ਦੇ ਸਿੰਘਾਸਣ ਉੱਤੇ ਰਾਜਾ ਹੋ ਕੇ ਆਪਣੇ ਪਿਤਾ ਦਾਊਦ ਦੇ ਥਾਂ ਬਿਰਾਜਮਾਨ ਹੋਇਆ ਅਤੇ ਧਨ ਸੰਪਤੀ ਵਾਲਾ ਹੋਇਆ ਅਤੇ ਸਾਰਾ ਇਸਰਾਏਲ ਉਸ ਦੀ ਆਗਿਆਕਾਰੀ ਕਰਦਾ ਸੀ। 24 ਅਤੇ ਸਾਰੇ ਸਰਦਾਰ, ਸੂਰਮੇ, ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸੁਲੇਮਾਨ ਪਾਤਸ਼ਾਹ ਦੇ ਆਗਿਆਕਾਰੀ ਹੋਏ 25 ਅਤੇ ਯਹੋਵਾਹ ਨੇ ਸਾਰੇ ਇਸਰਾਏਲ ਦੇ ਵੇਖਣ ਵਿੱਚ ਸੁਲੇਮਾਨ ਦੀ ਵੱਡੀ ਮਹਿਮਾ ਕੀਤੀ ਅਤੇ ਉਸ ਨੂੰ ਅਜਿਹਾ ਰਾਜ ਦਾ ਤੇਜ ਬਖ਼ਸ਼ ਦਿੱਤਾ, ਜਿਹੋ ਜਿਹਾ ਉਸ ਤੋਂ ਪਹਿਲੋਂ ਇਸਰਾਏਲ ਵਿੱਚ ਕਿਸੇ ਰਾਜੇ ਦਾ ਨਹੀਂ ਹੋਇਆ ਸੀ। 26 ਦਾਊਦ, ਯੱਸੀ ਦਾ ਪੁੱਤਰ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ 27 ਉਹ ਸਮਾਂ ਜਿਸ ਵਿੱਚ ਉਹ ਇਸਰਾਏਲ ਉੱਤੇ ਰਾਜ ਕਰ ਰਿਹਾ ਸੀ ਸੋ ਚਾਲ੍ਹੀ ਸਾਲਾਂ ਦਾ ਸੀ, ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਸੀ ਅਤੇ ਤੇਤੀ ਸਾਲ ਤੱਕ ਯਰੂਸ਼ਲਮ ਵਿੱਚ ਰਾਜ ਕੀਤਾ 28 ਉਹ ਚੰਗੀ ਲੰਮੀ ਅਵਸਥਾ ਵਿੱਚ ਜੀਉਣ, ਧਨ ਅਤੇ ਪਤ ਨਾਲ ਪੂਰੀ ਤਰ੍ਹਾਂ ਪੂਰਨ ਹੋ ਕੇ ਮਰ ਗਿਆ ਅਤੇ ਉਸ ਦਾ ਪੁੱਤਰ ਸੁਲੇਮਾਨ ਉਸ ਦੇ ਥਾਂ ਪਾਤਸ਼ਾਹ ਹੋਇਆ 29 ਅਤੇ ਦਾਊਦ ਪਾਤਸ਼ਾਹ ਦਾ ਵਿਰਤਾਂਤ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਲਿਖਿਆ ਹੈ 30 ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ-ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ।
In Other Versions
1 Chronicles 29 in the ANTPNG2D
1 Chronicles 29 in the BNTABOOT
1 Chronicles 29 in the BOATCB2
1 Chronicles 29 in the BOGWICC
1 Chronicles 29 in the BOHNTLTAL
1 Chronicles 29 in the BOILNTAP
1 Chronicles 29 in the BOKHWOG
1 Chronicles 29 in the KBT1ETNIK
1 Chronicles 29 in the TBIAOTANT