Deuteronomy 11 (IRVP)
1 ਇਸ ਲਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੀਆਂ ਬਿਧੀਆਂ, ਕਨੂੰਨਾਂ, ਹੁਕਮਾਂ ਅਤੇ ਨਿਰਦੇਸ਼ਾਂ ਦੀ ਸਦਾ ਲਈ ਪਾਲਨਾ ਕਰੋ। 2 ਅੱਜ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਪੁੱਤਰਾਂ ਨਾਲ ਨਹੀਂ ਬੋਲਦਾ, ਜਿਨ੍ਹਾਂ ਨੇ ਨਾ ਤਾਂ ਕੁਝ ਜਾਣਿਆ ਅਤੇ ਨਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਤਾੜ, ਉਸ ਦੀ ਮਹਾਨਤਾ, ਉਸ ਦਾ ਸ਼ਕਤੀ ਵਾਲਾ ਹੱਥ ਅਤੇ ਉਸ ਦੀ ਲੰਮੀ ਬਾਂਹ ਨੂੰ ਵੇਖਿਆ ਹੈ, 3 ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਦੇਸ਼ ਨਾਲ ਕੀਤੇ 4 ਅਤੇ ਉਸ ਨੇ ਮਿਸਰ ਦੀ ਫ਼ੌਜ, ਉਨ੍ਹਾਂ ਦੇ ਘੋੜਿਆਂ ਅਤੇ ਉਨ੍ਹਾਂ ਦੇ ਰਥਾਂ ਨਾਲ ਕੀ ਕੀਤਾ, ਜਦ ਉਹ ਤੁਹਾਡਾ ਪਿੱਛਾ ਕਰਦੇ ਸਨ, ਉਸ ਨੇ ਲਾਲ ਸਮੁੰਦਰ ਦਾ ਪਾਣੀ ਉਨ੍ਹਾਂ ਦੇ ਉੱਤੋਂ ਦੀ ਵਗਾਇਆ, ਅਤੇ ਕਿਵੇਂ ਯਹੋਵਾਹ ਨੇ ਉਨ੍ਹਾਂ ਦਾ ਨਾਸ ਕੀਤਾ ਕਿ ਅੱਜ ਤੱਕ ਉਨ੍ਹਾਂ ਦਾ ਪਤਾ ਨਹੀਂ। 5 ਤੁਹਾਡੇ ਇਸ ਸਥਾਨ ਵਿੱਚ ਪਹੁੰਚਣ ਤੱਕ ਉਸ ਨੇ ਤੁਹਾਡੇ ਲਈ ਉਜਾੜ ਵਿੱਚ ਕੀ-ਕੀ ਕੀਤਾ, 6 ਅਤੇ ਉਸ ਨੇ ਰਊਬੇਨੀ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ-ਕੀ ਕੀਤਾ, ਜਦ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਉਨ੍ਹਾਂ ਦੇ ਤੰਬੂਆਂ ਅਤੇ ਉਨ੍ਹਾਂ ਦੇ ਸਾਰੇ ਜੀਵ-ਜੰਤੂਆਂ ਨੂੰ ਅਤੇ ਉਨ੍ਹਾਂ ਨੂੰ ਜਿਹੜੇ ਉਨ੍ਹਾਂ ਦੀ ਪੈਰਵਈ ਕਰਦੇ ਸਨ, ਸਾਰੇ ਇਸਰਾਏਲੀਆਂ ਵਿੱਚੋਂ ਨਿਗਲ ਲਿਆ, 7 ਪਰੰਤੂ ਤੁਹਾਡੀਆਂ ਅੱਖਾਂ ਨੇ ਯਹੋਵਾਹ ਦੇ ਕੀਤੇ ਹੋਏ ਇੰਨ੍ਹਾਂ ਸਾਰੇ ਵੱਡੇ-ਵੱਡੇ ਕੰਮਾਂ ਨੂੰ ਵੇਖਿਆ ਹੈ। 8 ਇਸ ਲਈ ਤੁਸੀਂ ਇਹ ਸਾਰੇ ਹੁਕਮ ਮੰਨੋ, ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤਾਂ ਜੋ ਤੁਸੀਂ ਤਕੜੇ ਹੋਵੇ ਅਤੇ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ, ਜਿਸ ਦੇ ਅਧਿਕਾਰੀ ਹੋਣ ਲਈ ਤੁਸੀਂ ਪਾਰ ਜਾਂਦੇ ਹੋ, 9 ਅਤੇ ਤੁਸੀਂ ਉਸ ਦੇਸ਼ ਵਿੱਚ ਬਹੁਤ ਦਿਨਾਂ ਤੱਕ ਰਹਿ ਸਕੋ, ਜਿਸ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵੰਸ਼ ਨੂੰ ਦੇਣ ਦੀ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। 10 ਕਿਉਂ ਜੋ ਉਹ ਦੇਸ਼ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ, ਮਿਸਰ ਦੇਸ਼ ਵਰਗਾ ਨਹੀਂ ਹੈ ਜਿੱਥੋਂ ਤੁਸੀਂ ਨਿੱਕਲੇ ਹੋ, ਜਿੱਥੇ ਤੁਸੀਂ ਆਪਣੇ ਬੀਜ ਬੀਜਦੇ ਸੀ ਅਤੇ ਸਾਗ ਪੱਤ ਦੀ ਕਿਆਰੀ ਵਾਂਗੂੰ ਆਪਣੇ ਪੈਰ ਨਾਲ ਨਾਲੀਆਂ ਬਣਾ ਕੇ ਪਾਣੀ ਦਿੰਦੇ ਸੀ। 11 ਪਰ ਜਿਸ ਦੇਸ਼ ਉੱਤੇ ਅਧਿਕਾਰ ਕਰਨ ਤੁਸੀਂ ਪਾਰ ਜਾਂਦੇ ਹੋ, ਉਹ ਪਹਾੜਾਂ ਅਤੇ ਵਾਦੀਆਂ ਦਾ ਦੇਸ਼ ਹੈ ਜੋ ਅਕਾਸ਼ ਦੀ ਵਰਖਾ ਦਾ ਪਾਣੀ ਪੀਂਦੀਆਂ ਹਨ। 12 ਉਹ ਇੱਕ ਅਜਿਹੀ ਧਰਤੀ ਹੈ, ਜਿਸ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਹੈ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਜ਼ਰ ਉਸ ਉੱਤੇ ਸਾਲ ਦੇ ਅਰੰਭ ਤੋਂ ਲੈ ਕੇ ਸਾਲ ਦੇ ਅੰਤ ਤੱਕ ਲੱਗੀ ਰਹਿੰਦੀ ਹੈ। 13 ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਮਨ ਲਾ ਕੇ ਮੇਰੇ ਹੁਕਮਾਂ ਨੂੰ ਸੁਣੋਗੇ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਸੇਵਾ ਕਰੋ, 14 ਤਦ ਮੈਂ ਤੁਹਾਡੀ ਧਰਤੀ ਉੱਤੇ ਸਮੇਂ ਸਿਰ ਵਰਖਾ ਵਰ੍ਹਾਵਾਂਗਾ ਅਰਥਾਤ ਪਹਿਲੀ ਅਤੇ ਆਖਰੀ ਵਰਖਾ ਤਾਂ ਜੋ ਤੁਸੀਂ ਆਪਣਾ ਅੰਨ, ਨਵੀਂ ਮਧ ਅਤੇ ਤੇਲ ਇਕੱਠਾ ਕਰ ਸਕੋ। 15 ਅਤੇ ਮੈਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਪਸ਼ੂਆਂ ਲਈ ਘਾਹ ਦੇਵਾਂਗਾ ਅਤੇ ਤੁਸੀਂ ਰੱਜ ਕੇ ਖਾਓਗੇ। 16 ਚੌਕਸ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਭਟਕ ਜਾਣ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰਨ ਲੱਗੋ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋ 17 ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇ ਅਤੇ ਉਹ ਅਕਾਸ਼ ਨੂੰ ਅਜਿਹਾ ਬੰਦ ਕਰੇ ਕਿ ਵਰਖਾ ਨਾ ਹੋਵੇ ਅਤੇ ਜ਼ਮੀਨ ਆਪਣਾ ਫਲ ਨਾ ਦੇਵੇ, ਅਤੇ ਤੁਸੀਂ ਉਸ ਚੰਗੇ ਦੇਸ਼ ਤੋਂ ਜਿਹੜਾ ਯਹੋਵਾਹ ਤੁਹਾਨੂੰ ਦਿੰਦਾ ਹੈ, ਛੇਤੀ ਨਾਲ ਨਾਸ ਹੋ ਜਾਓਗੇ। 18 ਇਸ ਲਈ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਰੱਖੋ ਅਤੇ ਤੁਸੀਂ ਉਨ੍ਹਾਂ ਨੂੰ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ। 19 ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਗੱਲਾਂ ਦੀ ਚਰਚਾ ਕਰ ਕੇ ਆਪਣੇ ਬੱਚਿਆਂ ਨੂੰ ਸਿਖਾਇਓ। 20 ਤੁਸੀਂ ਇਨ੍ਹਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ, 21 ਤਾਂ ਜੋ ਜਿਸ ਦੇਸ਼ ਨੂੰ ਯਹੋਵਾਹ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਉਸ ਵਿੱਚ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਉਮਰ ਲੰਮੀ ਹੋਵੇ ਅਤੇ ਜਦ ਤੱਕ ਧਰਤੀ ਉੱਤੇ ਅਕਾਸ਼ ਬਣਿਆ ਰਹੇ ਤਦ ਤੱਕ ਉਹ ਵੀ ਬਣੇ ਰਹਿਣ। 22 ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ, ਮਨ ਲਾ ਕੇ ਪਾਲਨਾ ਕਰੋ ਅਤੇ ਇਨ੍ਹਾਂ ਨੂੰ ਪੂਰਾ ਕਰੋ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਨਾਲ ਲੱਗੇ ਰਹੋ, 23 ਤਾਂ ਯਹੋਵਾਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ ਅਤੇ ਤੁਸੀਂ ਸਾਰੀਆਂ ਕੌਮਾਂ ਉੱਤੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਹਨ, ਕਾਬੂ ਪਾ ਲਵੋਗੇ। 24 ਹਰੇਕ ਸਥਾਨ ਜਿਸ ਨੂੰ ਤੁਹਾਡੇ ਪੈਰਾਂ ਦੇ ਤਲੇ ਮਿੱਧਣਗੇ, ਉਹ ਤੁਹਾਡਾ ਹੋਵੇਗਾ ਅਰਥਾਤ ਉਜਾੜ ਤੋਂ ਲਬਾਨੋਨ ਤੱਕ ਅਤੇ ਦਰਿਆ ਫ਼ਰਾਤ ਤੋਂ ਪੱਛਮ ਦੇ ਸਮੁੰਦਰ ਤੱਕ ਤੁਹਾਡੀਆਂ ਹੱਦਾਂ ਹੋਣਗੀਆਂ। 25 ਕੋਈ ਮਨੁੱਖ ਤੁਹਾਡੇ ਅੱਗੇ ਠਹਿਰ ਨਾ ਸਕੇਗਾ ਕਿਉਂਕਿ ਜਿਵੇਂ ਉਸ ਨੇ ਤੁਹਾਨੂੰ ਬਚਨ ਦਿੱਤਾ ਹੈ, ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਦਬਕਾ ਅਤੇ ਤੁਹਾਡਾ ਭੈਅ ਸਾਰੀ ਧਰਤੀ ਉੱਤੇ ਜਿੱਥੋਂ ਦੀ ਤੁਸੀਂ ਤੁਰੋਗੇ, ਪਾ ਦੇਵੇਗਾ। 26 ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ: 27 ਬਰਕਤ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, 28 ਸਰਾਪ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ, ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਜਾਓ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। 29 ਅਜਿਹਾ ਹੋਵੇ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਰਬਤ ਉੱਤੋਂ ਅਤੇ ਸਰਾਪ ਏਬਾਲ ਪਰਬਤ ਉੱਤੋਂ ਦੇਇਓ। 30 ਕੀ ਉਹ ਯਰਦਨ ਪਾਰ ਉਸ ਰਾਹ ਦੇ ਪਿੱਛੇ ਨਹੀਂ ਹਨ, ਜਿੱਥੇ ਸੂਰਜ ਡੁੱਬਦਾ ਹੈ ਅਤੇ ਕਨਾਨੀਆਂ ਦੇ ਦੇਸ਼ ਵਿੱਚ ਜਿਹੜੇ ਅਰਾਬਾਹ ਵਿੱਚ ਗਿਲਗਾਲ ਦੇ ਅੱਗੇ ਮੋਰਹ ਦੇ ਬਲੂਤਾਂ ਕੋਲ ਵੱਸਦੇ ਹਨ? 31 ਕਿਉਂ ਜੋ ਤੁਸੀਂ ਯਰਦਨ ਪਾਰ ਲੰਘਣ ਵਾਲੇ ਹੋ ਤਾਂ ਜੋ ਤੁਸੀਂ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ। ਤੁਸੀਂ ਉਸ ਉੱਤੇ ਅਧਿਕਾਰ ਕਰੋਗੇ ਅਤੇ ਉਸ ਵਿੱਚ ਵੱਸੋਗੇ, 32 ਇਸ ਲਈ ਤੁਸੀਂ ਇਨ੍ਹਾਂ ਸਾਰੀਆਂ ਬਿਧੀਆਂ ਅਤੇ ਕਨੂੰਨਾਂ ਨੂੰ ਪੂਰਾ ਕਰਨ ਲਈ ਮੰਨੋ, ਜਿਹੜੇ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ।
In Other Versions
Deuteronomy 11 in the ANTPNG2D
Deuteronomy 11 in the BNTABOOT
Deuteronomy 11 in the BOHNTLTAL
Deuteronomy 11 in the BOILNTAP
Deuteronomy 11 in the KBT1ETNIK
Deuteronomy 11 in the TBIAOTANT