Judges 13 (IRVP)
1 ਇਸਰਾਏਲੀਆਂ ਨੇ ਫਿਰ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਚਾਲ੍ਹੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਦੇ ਦਿੱਤਾ। 2 ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ। 3 ਯਹੋਵਾਹ ਦੇ ਦੂਤ ਨੇ ਉਸ ਇਸਤਰੀ ਨੂੰ ਦਰਸ਼ਣ ਦੇ ਕੇ ਕਿਹਾ, “ਵੇਖ, ਬਾਂਝ ਹੋਣ ਦੇ ਕਾਰਨ ਤੇਰਾ ਕੋਈ ਬੱਚਾ ਨਹੀਂ ਹੈ ਪਰ ਹੁਣ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ। 4 ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ। 5 ਕਿਉਂਕਿ ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਂਗੀ। ਉਸ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥਾਂ ਤੋਂ ਇਸਰਾਏਲੀਆਂ ਦਾ ਬਚਾਉ ਕਰਨ ਲੱਗੇਗਾ।” 6 ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, “ਪਰਮੇਸ਼ੁਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ। ਉਸ ਦਾ ਰੂਪ ਪਰਮੇਸ਼ੁਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈਅ ਯੋਗ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ। 7 ਪਰ ਉਸ ਨੇ ਮੈਨੂੰ ਕਿਹਾ, ‘ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।’” 8 ਤਦ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਕਿਹਾ, “ਹੇ ਪ੍ਰਭੂ, ਬੇਨਤੀ ਸੁਣ, ਅਤੇ ਪਰਮੇਸ਼ੁਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫੇਰ ਸਾਡੇ ਕੋਲ ਭੇਜ ਤਾਂ ਜੋ ਉਹ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਪੈਦਾ ਹੋਵੇਗਾ ਉਸ ਨਾਲ ਅਸੀਂ ਕੀ-ਕੀ ਕਰੀਏ।” 9 ਪਰਮੇਸ਼ੁਰ ਨੇ ਮਾਨੋਆਹ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦਾ ਦੂਤ ਉਸ ਇਸਤਰੀ ਕੋਲ ਆਇਆ ਜਦ ਉਹ ਖੇਤ ਵਿੱਚ ਬੈਠੀ ਹੋਈ ਸੀ ਪਰ ਉਸ ਵੇਲੇ ਉਸ ਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ। 10 ਤਦ ਉਸ ਇਸਤਰੀ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, “ਵੇਖੋ, ਉਹੋ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ।” 11 ਇਹ ਸੁਣਦਿਆਂ ਹੀ ਮਾਨੋਆਹ ਉੱਠ ਕੇ ਆਪਣੀ ਪਤਨੀ ਦੇ ਪਿੱਛੇ ਤੁਰਿਆ ਅਤੇ ਉਸ ਮਨੁੱਖ ਦੇ ਕੋਲ ਆ ਕੇ ਉਸ ਨੂੰ ਪੁੱਛਣ ਲੱਗਾ, “ਕੀ ਤੂੰ ਉਹੋ ਮਨੁੱਖ ਹੈਂ ਜਿਸ ਨੇ ਇਸ ਇਸਤਰੀ ਨਾਲ ਗੱਲਾਂ ਕੀਤੀਆਂ ਸਨ?” ਉਸ ਨੇ ਕਿਹਾ, “ਮੈਂ ਉਹੀ ਹਾਂ।” 12 ਤਦ ਮਾਨੋਆਹ ਨੇ ਕਿਹਾ, “ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇ, ਪਰ ਉਹ ਮੁੰਡਾ ਕਿਹੋ ਜਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?” 13 ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ, “ਉਨ੍ਹਾਂ ਸਾਰੀਆਂ ਵਸਤੂਆਂ ਤੋਂ ਜਿਨ੍ਹਾਂ ਦੇ ਬਾਰੇ ਮੈਂ ਦੱਸਿਆ ਹੈ, ਇਹ ਇਸਤਰੀ ਦੂਰ ਰਹੇ। 14 ਕੋਈ ਵੀ ਅਜਿਹੀ ਵਸਤੂ ਜੋ ਦਾਖ ਦੀ ਬਣੀ ਹੋਵੇ, ਇਹ ਨਾ ਖਾਵੇ ਅਤੇ ਨਾ ਦਾਖਰਸ, ਨਾ ਕੋਈ ਨਸ਼ੇ ਵਾਲੀ ਚੀਜ਼ ਪੀਵੇ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੇ, ਇਹ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਯਾਦ ਰੱਖੇ ਜੋ ਮੈਂ ਉਸ ਨੂੰ ਦਿੱਤੇ ਹਨ।” 15 ਤਦ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਅਸੀਂ ਤੁਹਾਨੂੰ ਥੋੜ੍ਹੀ ਦੇਰ ਰੋਕਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਮੇਮਣਾ ਤਿਆਰ ਕਰੀਏ।” 16 ਤਾਂ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਉੱਤਰ ਦਿੱਤਾ, “ਭਾਵੇਂ ਤੂੰ ਮੈਨੂੰ ਰੋਕ ਵੀ ਲਵੇਂ ਤਾਂ ਵੀ ਮੈਂ ਤੇਰੇ ਭੋਜਨ ਵਿੱਚੋਂ ਕੁਝ ਨਹੀਂ ਖਾਵਾਂਗਾ, ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣਾ ਚਾਹੁੰਦਾ ਹੈਂ ਤਾਂ ਤੈਨੂੰ ਯਹੋਵਾਹ ਦੇ ਅੱਗੇ ਚੜ੍ਹਾਉਣੀ ਚਾਹੀਦੀ ਹੈ।” ਮਾਨੋਆਹ ਨਹੀਂ ਜਾਣਦਾ ਸੀ ਕਿ ਉਹ ਯਹੋਵਾਹ ਦਾ ਦੂਤ ਹੈ। 17 ਫੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਆਪਣਾ ਨਾਮ ਦੱਸੋ, ਕਿ ਜਦੋਂ ਤੁਹਾਡੀ ਆਖੀ ਹੋਈ ਗੱਲ ਪੂਰੀ ਹੋਵੇ ਤਾਂ ਅਸੀਂ ਤੁਹਾਡਾ ਆਦਰ ਭਾਉ ਕਰ ਸਕੀਏ।” 18 ਤਾਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਮੇਰਾ ਨਾਮ ਤਾਂ ਅਚਰਜ਼ ਹੈ। ਇਸ ਲਈ ਤੂੰ ਇਹ ਕਿਉਂ ਪੁੱਛਦਾ ਹੈਂ?” 19 ਤਦ ਮਾਨੋਆਹ ਨੇ ਮੈਦੇ ਦੀ ਭੇਟ ਦੇ ਨਾਲ ਇੱਕ ਮੇਮਣਾ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ, ਤਦ ਉਸ ਦੂਤ ਨੇ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਇੱਕ ਅਚਰਜ਼ ਕੰਮ ਕੀਤਾ। 20 ਅਜਿਹਾ ਹੋਇਆ ਕਿ ਜਦ ਜਗਵੇਦੀ ਦੇ ਉੱਤੋਂ ਅਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾਹ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਅਕਾਸ਼ ਨੂੰ ਚਲਿਆ ਗਿਆ, ਤਦ ਉਹ ਦੋਵੇਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਏ। 21 ਅਤੇ ਯਹੋਵਾਹ ਦਾ ਦੂਤ ਮਾਨੋਆਹ ਅਤੇ ਉਸ ਦੀ ਪਤਨੀ ਨੂੰ ਫਿਰ ਵਿਖਾਈ ਨਾ ਦਿੱਤਾ। ਤਦ ਮਾਨੋਆਹ ਨੇ ਜਾਣ ਲਿਆ ਕਿ ਉਹ ਯਹੋਵਾਹ ਦਾ ਦੂਤ ਸੀ। 22 ਤਦ ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ, “ਹੁਣ ਅਸੀਂ ਜ਼ਰੂਰ ਮਰ ਜਾਂਵਾਂਗੇ, ਕਿਉਂ ਜੋ ਅਸੀਂ ਪਰਮੇਸ਼ੁਰ ਨੂੰ ਵੇਖਿਆ ਹੈ!” 23 ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਜੇ ਯਹੋਵਾਹ ਨੇ ਸਾਨੂੰ ਮਾਰਨਾ ਹੁੰਦਾ ਤਾਂ ਸਾਡੇ ਹੱਥੋਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਵੀਕਾਰ ਨਾ ਕਰਦਾ, ਅਤੇ ਨਾ ਹੀ ਸਾਨੂੰ ਇਹ ਸਾਰੀਆਂ ਗੱਲਾਂ ਵਿਖਾਉਂਦਾ ਅਤੇ ਨਾ ਹੀ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਦੱਸਦਾ।” 24 ਫਿਰ ਉਸ ਇਸਤਰੀ ਨੇ ਇੱਕ ਪੁੱਤਰ ਨੂੰ ਜਣਿਆ ਅਤੇ ਉਸ ਦਾ ਨਾਮ ਸਮਸੂਨ ਰੱਖਿਆ, ਅਤੇ ਉਹ ਮੁੰਡਾ ਵੱਧਦਾ ਗਿਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ। 25 ਅਤੇ ਯਹੋਵਾਹ ਦਾ ਆਤਮਾ ਮਹਨੇਹ-ਦਾਨ ਵਿੱਚ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਨੂੰ ਉਭਾਰਣ ਲੱਗਾ।