Judges 5 (IRVP)
1 ਉਸੇ ਦਿਨ ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, - 2 ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ,ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ,ਆਓ ਯਹੋਵਾਹ ਨੂੰ ਧੰਨ ਆਖੋ! 3 ਹੇ ਰਾਜਿਓ, ਸੁਣੋ ਅਤੇ ਹੇ ਆਗੂਓ, ਧਿਆਨ ਦਿਉ!ਮੈਂ, ਹਾਂ ਮੈਂ ਯਹੋਵਾਹ ਲਈ ਗੀਤ ਗਾਵਾਂਗੀ,ਮੈਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਾਂਗੀ। 4 ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ,ਜਦ ਤੂੰ ਅਦੋਮ ਦੇ ਦੇਸ਼ ਤੋਂ ਤੁਰਿਆ,ਤਾਂ ਧਰਤੀ ਕੰਬ ਉੱਠੀ, ਅਕਾਸ਼ ਹਿੱਲ ਗਏ,ਅਤੇ ਬੱਦਲਾਂ ਤੋਂ ਵੀ ਮੀਂਹ ਵਰ੍ਹਿਆ। 5 ਪਰਬਤ ਯਹੋਵਾਹ ਦੇ ਅੱਗੇ ਪਿਘਲ ਗਏ,ਇਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਪਿਘਲ ਗਿਆ। 6 ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ,ਅਤੇ ਯਾਏਲ ਦੇ ਦਿਨਾਂ ਵਿੱਚ ਸੜਕਾਂ ਖਾਲੀ ਰਹਿੰਦੀਆਂ ਸਨ,ਅਤੇ ਰਾਹੀ ਪੈਹਿਆਂ ਦੇ ਰਾਹ ਤੁਰਦੇ ਸਨ। 7 ਇਸਰਾਏਲ ਵਿੱਚ ਆਗੂ ਮੁੱਕ ਗਏ,ਉਹ ਪੂਰੀ ਤਰ੍ਹਾਂ ਹੀ ਮੁੱਕ ਗਏ, ਜਦ ਤੱਕ ਮੈਂ, ਦਬੋਰਾਹ, ਨਾ ਉੱਠੀ,ਜਦ ਤੱਕ ਮੈਂ ਇਸਰਾਏਲ ਵਿੱਚ ਮਾਂ ਬਣ ਕੇ ਨਾ ਉੱਠੀ! 8 ਜਦ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ।ਭਲਾ, ਇਸਰਾਏਲ ਦੇ ਚਾਲ੍ਹੀ ਹਜ਼ਾਰਾਂ ਵਿੱਚ ਇੱਕ ਢਾਲ਼ ਜਾਂ ਇੱਕ ਬਰਛੀ ਵੀ ਦਿੱਸੀ? 9 ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ,ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ।ਯਹੋਵਾਹ ਨੂੰ ਧੰਨ ਆਖੋ! 10 ਹੇ ਸਫ਼ੇਦ ਗਧੀਆਂ ਉੱਤੇ ਚੜ੍ਹਨ ਵਾਲਿਓ!ਹੇ ਸ਼ਿੰਗਾਰੀਆਂ ਹੋਈਆਂ ਗਧੀਆਂ ਉੱਤੇ ਬੈਠਣ ਵਾਲਿਓ!ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਸ ਦਾ ਚਰਚਾ ਕਰੋ! 11 ਬਾਉਲੀਆਂ ਉੱਤੇ ਤੀਰ-ਅੰਦਾਜ਼ਾਂ ਦੀ ਗੱਲ ਦੇ ਕਾਰਨ,ਉੱਥੇ ਉਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, -ਇਸਰਾਏਲ ਵਿੱਚ ਉਸ ਦੇ ਧਰਮੀ ਕੰਮਾਂ ਨੂੰ।ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ। 12 ਜਾਗ, ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ!ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤਰ! ਅਤੇ ਆਪਣੇ ਬੰਦੀਆਂ ਨੂੰ ਬੰਨ੍ਹ ਲੈ। 13 ਤਦ ਬਚੇ ਹੋਏ ਆਗੂਆਂ ਨੇ ਪਰਜਾ ਦੇ ਉੱਤੇ ਰਾਜ ਕੀਤਾ,ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ। 14 ਇਫ਼ਰਾਈਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੇਕ ਵਿੱਚ ਸੀ,ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ, ਮਾਕੀਰ ਵਿੱਚੋਂ ਹਾਕਮ ਉਤਰ ਆਏ,ਅਤੇ ਜ਼ਬੂਲੁਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ। 15 ਅਤੇ ਯਿੱਸਾਕਾਰ ਦੇ ਹਾਕਮ ਦਬੋਰਾਹ ਦੇ ਨਾਲ ਸਨ,ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ।ਉਹ ਤਰਾਈ ਵਿੱਚ ਉਸ ਦੇ ਪਿੱਛੇ ਪੈਦਲ ਗਿਆ।ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ। 16 ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ?ਇੱਜੜਾਂ ਦੇ ਮਿਮੀਆਉਣ ਦੀ ਅਵਾਜ਼ ਨੂੰ ਸੁਣਨ ਲਈ?ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ। 17 ਗਿਲਆਦ ਯਰਦਨ ਪਾਰ ਵੱਸਿਆ,ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ?ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ,ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ। 18 ਜ਼ਬੂਲੁਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ,ਨਫ਼ਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ। 19 ਰਾਜੇ ਆ ਕੇ ਲੜੇ,ਤਦ ਕਨਾਨ ਦੇ ਰਾਜੇ ਤਆਨਾਕ ਵਿੱਚ ਮਗਿੱਦੋ ਦੇ ਸੋਤਿਆਂ ਕੋਲ ਲੜੇ,ਪਰ ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ। 20 ਅਕਾਸ਼ ਤੋਂ ਤਾਰੇ ਵੀ ਲੜੇ,ਸਗੋਂ ਆਪਣੇ-ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ। 21 ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ -ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ।ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ! 22 ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ,ਉਨ੍ਹਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ। 23 ਯਹੋਵਾਹ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਉ,ਉਸ ਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਉ!ਕਿਉਂ ਜੋ ਉਹ ਯਹੋਵਾਹ ਦੀ ਸਹਾਇਤਾ ਕਰਨ ਨੂੰ ਨਾ ਆਏ,ਸੂਰਬੀਰਾਂ ਦੇ ਵਿਰੁੱਧ ਯਹੋਵਾਹ ਦੀ ਸਹਾਇਤਾ ਕਰਨ ਨੂੰ। 24 ਹੇਬਰ ਕੇਨੀ ਦੀ ਪਤਨੀ ਯਾਏਲ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ,ਉਸ ਤੰਬੂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ! 25 ਸੀਸਰਾ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ,ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ। 26 ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ,ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ,ਉਸਨੇ ਸੀਸਰਾ ਨੂੰ ਠੋਕਿਆ, ਉਸ ਦੇ ਸਿਰ ਨੂੰ ਭੰਨ ਸੁੱਟਿਆ,ਉਸ ਦੀ ਪੁੜਪੁੜੀ ਨੂੰ ਆਰ ਪਾਰ ਵਿੰਨ੍ਹ ਦਿੱਤਾ! 27 ਉਸ ਦੇ ਪੈਰਾਂ ਵਿੱਚ ਉਹ ਝੁੱਕਿਆ,ਉਹ ਡਿੱਗਿਆ, ਉਹ ਲੰਮਾ ਪਿਆ।ਉਸ ਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ,ਜਿੱਥੇ ਉਹ ਝੁੱਕਿਆ, ਉੱਥੇ ਹੀ ਉਹ ਮਰ ਗਿਆ। 28 ਖਿੜਕੀ ਵਿੱਚੋਂ ਸੀਸਰਾ ਦੀ ਮਾਤਾ ਨੇ ਝਾਤੀ ਮਾਰੀ,ਉਹ ਝਰੋਖੇ ਦੇ ਵਿੱਚੋਂ ਚਿੱਲਾਈ,ਉਸ ਦੇ ਰਥ ਦੇ ਆਉਣ ਵਿੱਚ ਇੰਨ੍ਹਾਂ ਸਮਾਂ ਕਿਉਂ ਲੱਗਾ?ਉਸ ਦੇ ਰਥਾਂ ਦੇ ਪਹੀਏ ਦੇਰ ਕਿਉਂ ਲਾਉਂਦੇ ਹਨ? 29 ਉਸ ਦੀਆਂ ਸਿਆਣੀਆਂ ਇਸਤਰੀਆਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ,ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ, 30 ਭਲਾ, ਉਹ ਲੁੱਟ ਪਾ ਕੇ ਉਸ ਨੂੰ ਨਹੀਂ ਵੰਡਦੇ?ਇੱਕ-ਇੱਕ ਪੁਰਖ ਨੂੰ ਇੱਕ ਜਾਂ ਦੋ ਕੁੜੀਆਂ,ਸੀਸਰਾ ਨੂੰ ਰੰਗ-ਬਿਰੰਗੇ ਬਸਤਰਾਂ ਦੀ ਲੁੱਟ?ਸਗੋਂ ਰੰਗ-ਬਿਰੰਗੇ ਫੁਲਕਾਰੀ ਕੱਢੇ ਹੋਏ ਬਸਤਰਾਂ ਦੀ ਲੁੱਟ?ਲੁੱਟੇ ਹੋਇਆਂ ਦੇ ਗਲੇ ਵਿੱਚੋਂ, ਦੋਵੇਂ ਪਾਸੇ ਕੱਢੇ ਹੋਏ ਰੰਗ-ਬਿਰੰਗੇ ਬਸਤਰਾਂ ਦੀ ਲੁੱਟ? 31 ਇਸੇ ਤਰ੍ਹਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ!ਪਰ ਉਸ ਦੇ ਪ੍ਰੇਮੀ ਸੂਰਜ ਵਾਂਗੂੰ ਹੋਣ, ਜਦ ਉਹ ਆਪਣੇ ਪ੍ਰਤਾਪ ਨਾਲ ਚੜ੍ਹਦਾ ਹੈ।ਫਿਰ ਚਾਲ੍ਹੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ।