Romans 8 (IRVP)
1 ਸੋ ਹੁਣ ਜੋ ਮਸੀਹ ਯਿਸੂ ਵਿੱਚ ਹਨ, ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। 2 ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਛੁਡਾ ਦਿੱਤਾ। 3 ਜੋ ਬਿਵਸਥਾ ਤੋਂ ਨਾ ਹੋ ਸਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਕਮਜ਼ੋਰ ਸੀ, ਪਰਮੇਸ਼ੁਰ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ। 4 ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਬਿਵਸਥਾ ਦੀ ਬਿਧੀ ਪੂਰੀ ਹੋਵੇ। 5 ਜੋ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। 6 ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ। 7 ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ। 8 ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ। 9 ਪਰ ਤੁਸੀਂ ਸਰੀਰਕ ਨਹੀਂ, ਸਗੋਂ ਆਤਮਿਕ ਹੋ ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ, ਪ੍ਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੋ ਉਸਦਾ ਨਹੀਂ ਹੈ। 10 ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ। 11 ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੋ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ। 12 ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ। 13 ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ। 14 ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ। 15 ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ। 16 ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ। 17 ਅਤੇ ਜੇ ਸੰਤਾਨ ਹਾਂ ਤਾਂ ਵਾਰਿਸ ਵੀ ਹਾਂ, ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ ਪਰ ਤਾਂ ਜੇ ਅਸੀਂ ਉਹ ਦੇ ਨਾਲ ਦੁੱਖ ਝੱਲੀਏ, ਕਿ ਅਸੀਂ ਉਹ ਦੇ ਨਾਲ ਵਡਿਆਏ ਜਾਈਏ। 18 ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁਝ ਵੀ ਨਹੀਂ। 19 ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। 20 ਕਿਉਂ ਜੋ ਸ੍ਰਿਸ਼ਟੀ ਆਪਣੀ ਇੱਛਾ ਨਾਲ ਨਹੀਂ, ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਵਿਅਰਥ ਦੇ ਅਧੀਨ ਹੋਈ, ਪਰ ਆਸ ਨਾਲ। 21 ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਸੰਤਾਨ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ। 22 ਅਸੀਂ ਜਾਣਦੇ ਤਾਂ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ ਅਤੇ ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ। 23 ਅਤੇ ਕੇਵਲ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਵਿੱਚ ਬੈਠੇ ਹਾਂ। 24 ਆਸ ਨਾਲ ਅਸੀਂ ਬਚਾਏ ਗਏ ਹਾਂ, ਪਰ ਆਸ ਜੋ ਵੇਖੀ ਗਈ ਤਾਂ ਉਹ ਆਸ ਨਾ ਰਹੀ ਕਿਉਂਕਿ ਜਿਹੜੀ ਵਸਤੁ ਕੋਈ ਵੇਖਦਾ ਹੈ ਉਹ ਦੀ ਉਮੀਦ ਕਿਉਂ ਕਰੇ? 25 ਪਰ ਜਿਹੜੀ ਵਸਤੁ ਅਸੀਂ ਨਹੀਂ ਵੇਖਦੇ ਜੇ ਉਹ ਦੀ ਆਸ ਰੱਖੀਏ ਤਾਂ ਧੀਰਜ ਨਾਲ ਉਸ ਦੀ ਉਡੀਕ ਵਿੱਚ ਰਹਿੰਦੇ ਹਾਂ। 26 ਇਸ ਤਰ੍ਹਾਂ ਆਤਮਾ ਵੀ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਗੱਲ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਹੱਦੋਂ ਬਾਹਰ ਹਾਉਂਕੇ ਭਰ ਕੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ। 27 ਅਤੇ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ, ਜੋ ਆਤਮਾ ਦੀ ਕੀ ਇੱਛਾ ਹੈ, ਕਿਉਂ ਜੋ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫ਼ਾਰਸ਼ ਕਰਦਾ ਹੈ। 28 ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ। 29 ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ, ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਤਾਂ ਜੋ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ ਕਿ ਉਹ ਬਹੁਤੇ ਭਰਾਵਾਂ ਵਿੱਚੋਂ ਪਹਿਲੌਠਾ ਹੋਵੇ। 30 ਅਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ ਉਸ ਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ। 31 ਸੋ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ੁਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ। 32 ਜਿਸ ਨੇ ਆਪਣੇ ਹੀ ਪੁੱਤਰ ਦਾ ਵੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਨਾ ਦੇਵੇਗਾ? 33 ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦੋਸ਼ ਲਗਾ ਸਕਦਾ ਹੈ? ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। 34 ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ। ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫ਼ਾਰਸ਼ ਵੀ ਕਰਦਾ ਹੈ। 35 ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਬਿਪਤਾ ਜਾਂ ਕਸ਼ਟ, ਜਾਂ ਅਨ੍ਹੇਰਾ ਜਾਂ ਕਾਲ ਜਾਂ ਨੰਗ ਜਾਂ ਸੰਕਟ ਜਾਂ ਤਲਵਾਰ? 36 ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ। 37 ਸਗੋਂ ਇਹਨਾਂ ਸਾਰੀਆਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਸੀ, ਅਸੀਂ ਹੱਦੋਂ ਵੱਧ ਜਿੱਤ ਪਾਉਂਦੇ ਹਾਂ। 38 ਕਿਉਂ ਜੋ ਮੈਨੂੰ ਵਿਸ਼ਵਾਸ ਹੈ, ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ। 39 ਅਤੇ ਨਾ ਉਚਿਆਈ, ਨਾ ਡੂੰਘਿਆਈ, ਅਤੇ ਨਾ ਕੋਈ ਹੋਰ ਸ੍ਰਿਸ਼ਟੀ ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ।