Acts 18 (IRVP)
1 ਇਹ ਤੋਂ ਬਾਅਦ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ। 2 ਅਤੇ ਉੱਥੇ ਅਕੂਲਾ ਨਾਮ ਦਾ ਇੱਕ ਯਹੂਦੀ ਉਹ ਨੂੰ ਮਿਲਿਆ, ਜਿਸ ਦੀ ਜਨਮ ਭੂਮੀ ਪੁੰਤੁਸ ਸੀ ਅਤੇ ਥੋੜ੍ਹੇ ਚਿਰ ਦਾ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ। 3 ਅਤੇ ਇਸ ਲਈ ਜੋ ਉਹਨਾਂ ਦਾ ਇੱਕੋ ਹੀ ਕੰਮ ਸੀ ਉਨ੍ਹਾਂ ਦੇ ਨਾਲ ਰਿਹਾ ਅਤੇ ਉਹ ਕੰਮ ਕਰਨ ਲੱਗੇ, ਕਿਉਂ ਜੋ ਉਹ ਤੰਬੂ ਬਣਾਉਣ ਵਾਲੇ ਸਨ। 4 ਅਤੇ ਉਹ ਹਰ ਸਬਤ ਦੇ ਦਿਨ ਨੂੰ ਪ੍ਰਾਰਥਨਾ ਘਰ ਵਿੱਚ ਪ੍ਰਚਾਰ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ। 5 ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ, ਕਿ ਯਿਸੂ ਹੀ ਮਸੀਹ ਹੈ। 6 ਜਦੋਂ ਉਹ ਉਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ! ਮੈਂ ਨਿਰਦੋਸ਼ ਹਾਂ! ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ। 7 ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮ ਦੇ ਇੱਕ ਪਰਮੇਸ਼ੁਰ ਦੇ ਭਗਤ ਦੇ ਘਰ ਗਿਆ, ਜਿਸ ਦਾ ਘਰ ਪ੍ਰਾਰਥਨਾ ਘਰ ਦੇ ਨਾਲ ਲੱਗਦਾ ਸੀ। 8 ਅਤੇ ਪ੍ਰਾਰਥਨਾ ਘਰ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਨਾਲ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਕੁਰਿੰਥੀਆਂ ਵਿੱਚੋਂ ਬਹੁਤਿਆਂ ਲੋਕਾਂ ਨੇ ਸੁਣ ਕੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। 9 ਤਾਂ ਪ੍ਰਭੂ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ। 10 ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹਮਲਾ ਨਾ ਕਰੇਗਾ, ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ। 11 ਸੋ ਉਹ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ। 12 ਪਰ ਜਦੋਂ ਗਾਲੀਓ ਅਖਾਯਾ ਦਾ ਅਧਿਕਾਰੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾ ਕੇ ਬੋਲੇ, 13 ਇਹ ਮਨੁੱਖ ਲੋਕਾਂ ਨੂੰ ਬਿਵਸਥਾ ਤੋਂ ਵਿਰੁੱਧ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਭਰਮਾਉਂਦਾ ਹੈ। 14 ਪਰ ਜਦੋਂ ਪੌਲੁਸ ਬੋਲਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁਝ ਬੁਰਾਈ ਦੀ ਗੱਲ ਹੁੰਦੀ ਤਾਂ ਮੇਰੇ ਲਈ ਤੁਹਾਨੂੰ ਸੁਣਨਾ ਯੋਗ ਹੁੰਦਾ। 15 ਪਰ ਜੇ ਇਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਬਿਵਸਥਾ ਦੇ ਵਿਖੇ ਹਨ ਤਾਂ ਤੁਸੀਂ ਆਪ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਨਿਆਈਂ ਬਣਾ। 16 ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ। 17 ਤਾਂ ਉਨ੍ਹਾਂ ਨੇ ਪ੍ਰਾਰਥਨਾ ਘਰ ਦੇ ਸਰਦਾਰ ਸੋਸਥਨੇਸ ਨੂੰ ਫੜ੍ਹ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ। 18 ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫੇਰ ਭਰਾਵਾਂ ਕੋਲੋਂ ਵਿਦਾ ਹੋਇਆ ਅਤੇ ਪ੍ਰਿਸਕਿੱਲਾ ਅਤੇ ਅਕੂਲਾ ਦੇ ਸੰਗ ਜਹਾਜ਼ ਤੇ ਸੀਰੀਯਾ ਦੀ ਵੱਲ ਨੂੰ ਚੱਲਿਆ ਗਿਆ ਕੰਖਰਿਯਾ ਵਿੱਚ ਸਿਰ ਮੁਨਾਇਆ, ਕਿਉਂ ਜੋ ਉਹ ਨੇ ਮੰਨਤ ਮੰਨੀ ਸੀ। 19 ਅਤੇ ਅਫ਼ਸੁਸ ਵਿੱਚ ਉਨ੍ਹਾਂ ਨੂੰ ਉੱਥੇ ਹੀ ਛੱਡਿਆ, ਪਰ ਆਪ ਪ੍ਰਾਰਥਨਾ ਘਰ ਵਿੱਚ ਜਾ ਕੇ ਯਹੂਦੀਆਂ ਦੇ ਨਾਲ ਬਹਿਸ ਕੀਤੀ। 20 ਤਾਂ ਉਨ੍ਹਾਂ ਨੇ ਉਹ ਦੇ ਅੱਗੇ ਬੇਨਤੀ ਕੀਤੀ ਕਿ ਉਹ ਕੁਝ ਦਿਨ ਹੋਰ ਰਹੇ ਪਰ ਉਹ ਨੇ ਨਾ ਮੰਨਿਆ। 21 ਪਰੰਤੂ ਇਹ ਕਹਿ ਕੇ ਭਈ ਪਰਮੇਸ਼ੁਰ ਚਾਹੇ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ ਉਹ ਉਨ੍ਹਾਂ ਕੋਲੋਂ ਵਿਦਾ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫ਼ਸੁਸ ਤੋਂ ਚੱਲਿਆ ਗਿਆ। 22 ਉਹ ਕੈਸਰਿਯਾ ਵਿੱਚ ਉਤਰਿਆ ਅਤੇ ਜਦੋਂ ਉਹ ਨੇ ਕਲੀਸਿਯਾ ਦੀ ਸੁੱਖ-ਸਾਂਦ ਪੁੱਛੀ ਤਦ ਉਹ ਅੰਤਾਕਿਯਾ ਨੂੰ ਚੱਲਿਆ ਗਿਆ। 23 ਉੱਥੇ ਕੁਝ ਚਿਰ ਰਹਿ ਕੇ ਉਹ ਚੱਲਿਆ ਗਿਆ, ਅਤੇ ਗਲਾਤਿਯਾ ਅਤੇ ਫ਼ਰੂਗਿਯਾ ਦੇ ਇਲਾਕੇ ਵਿੱਚ ਥਾਂ-ਥਾਂ ਫ਼ਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ। 24 ਅਪੁੱਲੋਸ ਨਾਮ ਦਾ ਇੱਕ ਯਹੂਦੀ ਜਿਸ ਦਾ ਜਨਮ ਸਿਕੰਦਰਿਯਾ ਵਿੱਚ ਹੋਇਆ ਸੀ, ਵਧੀਆ ਬੋਲਣ ਵਾਲਾ ਅਤੇ ਪਵਿੱਤਰ ਗ੍ਰੰਥਾਂ ਦਾ ਮਾਹਿਰ ਸੀ ਉਹ ਅਫ਼ਸੁਸ ਵਿੱਚ ਆਇਆ। 25 ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਿਕ ਉਤਸ਼ਾਹ ਨਾਲ ਯਿਸੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ ਪਰ ਉਹ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ। 26 ਉਹ ਪ੍ਰਾਰਥਨਾ ਘਰ ਵਿੱਚ ਬੇਧੜਕ ਬੋਲਣ ਲੱਗਾ ਪਰ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ, ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ। 27 ਜਦੋਂ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਰਾਵਾਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਕਿ ਉਸ ਦਾ ਆਦਰ ਕਰਨ। ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ, ਜਿਨ੍ਹਾਂ ਕਿਰਪਾ ਦੇ ਕਾਰਨ ਵਿਸ਼ਵਾਸ ਕੀਤਾ ਸੀ। 28 ਕਿਉਂ ਜੋ ਉਸ ਨੇ ਪਵਿੱਤਰ ਗ੍ਰੰਥਾਂ ਤੋਂ ਸਬੂਤ ਦੇ ਕੇ ਜੋ ਯਿਸੂ ਉਹੀ ਮਸੀਹ ਹੈ, ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।