Matthew 18 (IRVP)
1 ਉਸੇ ਵੇਲੇ ਚੇਲੇ ਯਿਸੂ ਕੋਲ ਆਣ ਕੇ ਪੁੱਛਣ ਲੱਗੇ, ਸਵਰਗ ਰਾਜ ਵਿੱਚ ਵੱਡਾ ਕੌਣ ਹੈ? 2 ਤਦ ਉਸ ਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ, ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ 3 ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਅਤੇ ਛੋਟੇ ਬੱਚਿਆਂ ਦੀ ਤਰ੍ਹਾਂ ਨਾ ਬਣੋ ਤਾਂ ਸਵਰਗ ਰਾਜ ਵਿੱਚ ਕਦੀ ਨਾ ਵੜੋਗੇ। 4 ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬਾਲਕ ਦੀ ਤਰ੍ਹਾਂ ਛੋਟਾ ਸਮਝੇ, ਉਹ ਸਵਰਗ ਰਾਜ ਵਿੱਚ ਵੱਡਾ ਹੈ। 5 ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ, ਉਹ ਮੈਨੂੰ ਕਬੂਲ ਕਰਦਾ ਹੈ। 6 ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ ਤਾਂ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਦੀ ਗਹਿਰਾਈ ਵਿੱਚ ਡੋਬਿਆ ਜਾਂਦਾ। 7 ਠੋਕਰਾਂ ਦੇ ਕਾਰਨ ਸੰਸਾਰ ਉੱਤੇ ਹਾਏ! ਕਿਉਂ ਜੋ ਠੋਕਰਾਂ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਕਰਕੇ ਠੋਕਰ ਲੱਗਦੀ ਹੈ! 8 ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ। 9 ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਸੁੱਟ ਦੇ। ਕਾਣਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ। 10 ਵੇਖੋ, ਤੁਸੀਂ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਤੁਛ ਨਾ ਜਾਣੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ। 11 ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ। 12 ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ, ਤਾਂ ਕੀ ਉਹ ਨੜਿੰਨਵਿਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਦਾ ਨਾ ਫਿਰੇਗਾ? 13 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਅਜਿਹਾ ਹੋਵੇ ਜੋ ਉਹ ਨੂੰ ਮਿਲ ਜਾਵੇ ਤਾਂ ਉਹ ਉਸ ਦੇ ਕਾਰਨ ਉਨ੍ਹਾਂ ਨੜਿੰਨਵਿਆਂ ਨਾਲੋਂ ਜਿਹੜੀਆਂ ਗੁਆਚੀਆਂ ਨਹੀਂ ਸਨ, ਬਹੁਤ ਅਨੰਦ ਹੋਵੇਗਾ। 14 ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ, ਇਹ ਮਰਜ਼ੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋ ਜਾਵੇ। 15 ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਇਕੱਲੇ ਵਿੱਚ ਸਮਝਾ, ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਬਚਾ ਲਿਆ। 16 ਪਰ ਜੇ ਨਾ ਸੁਣੇ ਤਾਂ ਤੂੰ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਹੋਰ ਲੈ ਤਾਂ ਜੋ ਹਰੇਕ ਗੱਲ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। 17 ਅਤੇ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਦੇ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ, ਤਾਂ ਉਹ ਤੇਰੇ ਲਈ ਪਰਾਈ ਕੌਮ ਵਾਲੇ ਅਤੇ ਚੂੰਗੀ ਲੈਣ ਵਾਲੇ ਵਰਗਾ ਹੋਵੇ। 18 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਸੋ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ। 19 ਫੇਰ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ। 20 ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ। 21 ਤਦ ਪਤਰਸ ਨੇ ਉਹ ਨੂੰ ਆਖਿਆ, ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰਦਾ ਰਹੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ? 22 ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤ ਦੇ ਸੱਤਰ ਗੁਣਾ ਤੱਕ। 23 ਇਸ ਲਈ ਸਵਰਗ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਲੇਖਾ ਲੈਣਾ ਚਾਹਿਆ। 24 ਅਤੇ ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਦਾ ਕਰਜ਼ਾ ਦੇਣਾ ਸੀ। 25 ਪਰ ਉਹ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਜੋ ਉਹ ਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। 26 ਤਦ ਉਸ ਨੌਕਰ ਨੇ ਪੈਰਾਂ ਤੇ ਡਿੱਗ ਕੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਮੋੜ ਦਿਆਂਗਾ। 27 ਤਦ ਉਸ ਨੌਕਰ ਦੇ ਮਾਲਕ ਨੇ, ਤਰਸ ਖਾ ਕੇ ਉਹ ਨੂੰ ਛੱਡ ਦਿੱਤਾ ਅਤੇ ਸਾਰਾ ਕਰਜ਼ ਉਹ ਨੂੰ ਮਾਫ਼ ਕਰ ਦਿੱਤਾ। 28 ਜਦੋਂ ਉਹ ਨੌਕਰ ਬਾਹਰ ਨਿੱਕਲਿਆ, ਤਦ ਉਹ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਹ ਨੇ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਲੈਣੇ ਸਨ, ਉਸ ਨੇ ਉਹ ਨੂੰ ਗਲੇ ਤੋਂ ਫੜ੍ਹ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ! 29 ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਮੋੜ ਦਿਆਂਗਾ। 30 ਪਰ ਉਹ ਨੇ ਉਸ ਦੀ ਨਾ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। 31 ਪਰ ਜਦੋਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਸਭ ਦੇਖਿਆ ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। 32 ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ! ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। 33 ਫੇਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਕਰਨੀ ਚਾਹੀਦੀ ਸੀ? 34 ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹ ਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕੀਤਾ, ਜਿੰਨਾਂ ਚਿਰ ਉਹ ਸਾਰਾ ਕਰਜ਼ ਭਰ ਨਾ ਦੇਵੇ? 35 ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।