Isaiah 65 (IRVP)
1 ਜੋ ਮੈਨੂੰ ਪੁੱਛਦੇ ਨਹੀਂ ਸਨ, ਮੈਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ, ਜੋ ਮੈਨੂੰ ਭਾਲਦੇ ਨਹੀਂ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ ਸੀ, ਉਸ ਨੂੰ ਮੈਂ ਆਖਿਆ, “ਵੇਖੋ, ਮੈਂ ਹਾਂ, ਮੈਂ ਹਾਂ।” 2 ਮੈਂ ਸਾਰਾ ਦਿਨ ਆਪਣੇ ਹੱਥਾਂ ਨੂੰ ਇੱਕ ਵਿਦਰੋਹੀ ਪਰਜਾ ਲਈ ਪਸਾਰਿਆ ਹੈ, ਜਿਸ ਦੇ ਲੋਕ ਬੁਰੇ ਰਾਹਾਂ ਵਿੱਚ ਆਪਣੇ ਹੀ ਖ਼ਿਆਲਾਂ ਦੇ ਪਿੱਛੇ ਚੱਲਦੇ ਹਨ, - 3 ਇੱਕ ਪਰਜਾ ਜਿਸ ਦੇ ਲੋਕ ਮੇਰੇ ਸਾਹਮਣੇ ਹੀ ਬਾਗ਼ਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਉੱਤੇ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਉਂਦੇ ਹਨ। 4 ਜਿਹੜੇ ਕਬਰਾਂ ਵਿੱਚ ਬਹਿੰਦੇ ਹਨ, ਅਤੇ ਗੁੱਝਿਆਂ ਥਾਵਾਂ ਵਿੱਚ ਰਾਤ ਕੱਟਦੇ ਹਨ, ਜਿਹੜੇ ਸੂਰ ਦਾ ਮਾਸ ਖਾਂਦੇ ਹਨ, ਅਤੇ ਗੰਦੀਆਂ ਚੀਜ਼ਾਂ ਦਾ ਸ਼ੋਰਾ ਉਹਨਾਂ ਦੇ ਭਾਂਡਿਆਂ ਵਿੱਚ ਹੈ, 5 ਜਿਹੜੇ ਆਖਦੇ ਹਨ, ਤੂੰ ਇਕੱਲਾ ਰਹਿ, ਮੇਰੇ ਨੇੜੇ ਨਾ ਆ, ਕਿਉਂ ਜੋ ਮੈਂ ਤੇਰੇ ਤੋਂ ਜ਼ਿਆਦਾ ਪਵਿੱਤਰ ਹਾਂ। ਇਹ ਮੇਰੇ ਨੱਕ ਵਿੱਚ ਧੂੰਏਂ ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ! 6 ਵੇਖੋ, ਮੇਰੇ ਸਾਹਮਣੇ ਇਹ ਲਿਖਿਆ ਹੈ, ਮੈਂ ਚੁੱਪ ਨਾ ਰਹਾਂਗਾ ਪਰ ਮੈਂ ਬਦਲਾ ਦਿਆਂਗਾ, ਹਾਂ, ਮੈਂ ਉਹਨਾਂ ਦੇ ਪੱਲੇ ਵਿੱਚ ਬਦਲਾ ਪਾਵਾਂਗਾ, 7 ਤੁਹਾਡੀਆਂ ਬਦੀਆਂ ਦਾ ਬਦਲਾ ਅਤੇ ਤੁਹਾਡੇ ਪੁਰਖਿਆਂ ਦੀਆਂ ਬਦੀਆਂ ਦਾ ਬਦਲਾ ਵੀ, ਯਹੋਵਾਹ ਆਖਦਾ ਹੈ, ਜਿਨ੍ਹਾਂ ਨੇ ਪਹਾੜਾਂ ਉੱਤੇ ਧੂਪ ਧੁਖਾਇਆ ਹੈ, ਅਤੇ ਟਿੱਬਿਆਂ ਦੇ ਉੱਤੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ, ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦਾ ਫਲ ਉਹਨਾਂ ਦੇ ਪੱਲੇ ਵਿੱਚ ਮਿਣ ਕੇ ਪਾਵਾਂਗਾ। 8 ਯਹੋਵਾਹ ਇਹ ਆਖਦਾ ਹੈ, ਜਿਵੇਂ ਅੰਗੂਰ ਦੇ ਗੁੱਛੇ ਵਿੱਚ ਨਵੀਂ ਮੈਅ ਭਰ ਜਾਂਦੀ ਹੈ, ਤਾਂ ਲੋਕ ਆਖਦੇ ਹਨ, ਇਹ ਦਾ ਨਾਸ ਨਾ ਕਰੋ, ਕਿਉਂ ਜੋ ਉਹ ਦੇ ਵਿੱਚ ਬਰਕਤ ਹੈ, ਉਸੇ ਤਰ੍ਹਾਂ ਹੀ ਮੈਂ ਆਪਣੇ ਦਾਸਾਂ ਦੀ ਖ਼ਾਤਰ ਵਰਤਾਂਗਾ ਕਿ ਮੈਂ ਸਾਰਿਆਂ ਦਾ ਨਾਸ ਨਾ ਕਰਾਂ। 9 ਮੈਂ ਯਾਕੂਬ ਵਿੱਚੋਂ ਇੱਕ ਵੰਸ਼ ਅਤੇ ਯਹੂਦਾਹ ਵਿੱਚੋਂ ਆਪਣੇ ਪਰਬਤ ਦਾ ਅਧਿਕਾਰੀ ਕੱਢਾਂਗਾ, ਮੇਰੇ ਚੁਣੇ ਹੋਏ ਉਸ ਨੂੰ ਅਧਿਕਾਰ ਵਿੱਚ ਲੈਣਗੇ, ਅਤੇ ਮੇਰੇ ਦਾਸ ਉੱਥੇ ਵੱਸਣਗੇ। 10 ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ, ਉਨ੍ਹਾਂ ਲਈ ਸ਼ਾਰੋਨ ਇੱਜੜਾਂ ਦਾ ਵਾੜਾ ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ। 11 ਪਰ ਤੁਸੀਂ ਜੋ ਯਹੋਵਾਹ ਨੂੰ ਤਿਆਗਦੇ ਹੋ, ਜੋ ਮੇਰੇ ਪਵਿੱਤਰ ਪਰਬਤ ਨੂੰ ਭੁਲਾਉਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਮਧ ਭਰਦੇ ਹੋ, 12 ਮੈਂ ਤਲਵਾਰ ਨੂੰ ਤੁਹਾਡਾ ਭਾਗ ਬਣਾਵਾਂਗਾ, ਤੁਸੀਂ ਸਾਰੇ ਵੱਢੇ ਜਾਣ ਲਈ ਝੁੱਕ ਜਾਓਗੇ, ਕਿਉਂ ਜੋ ਮੈਂ ਬੁਲਾਇਆ ਪਰ ਤੁਸੀਂ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਤੁਸੀਂ ਨਾ ਸੁਣੀ, ਤੁਸੀਂ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਤੁਸੀਂ ਚੁਣਿਆ। 13 ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮਿੰਦੇ ਹੋਵੋਗੇ, 14 ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ! 15 ਮੇਰੇ ਚੁਣੇ ਹੋਏ ਲੋਕ ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ, ਅਤੇ ਪ੍ਰਭੂ ਯਹੋਵਾਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਜੇ ਨਾਮ ਤੋਂ ਬੁਲਾਵੇਗਾ। 16 ਜੋ ਕੋਈ ਧਰਤੀ ਉੱਤੇ ਆਪਣੇ ਆਪ ਨੂੰ ਅਸੀਸ ਦੇਵੇ, ਉਹ ਸਚਿਆਈ ਦੇ ਪਰਮੇਸ਼ੁਰ ਨਾਲ ਆਪਣੇ ਆਪ ਨੂੰ ਅਸੀਸ ਦੇਵੇਗਾ, ਜੋ ਕੋਈ ਧਰਤੀ ਉੱਤੇ ਸਹੁੰ ਖਾਵੇ, ਉਹ ਸਚਿਆਈ ਦੇ ਪਰਮੇਸ਼ੁਰ ਦੀ ਸਹੁੰ ਖਾਵੇਗਾ, ਕਿਉਂ ਜੋ ਪਹਿਲੇ ਦੁੱਖ ਭੁਲਾਏ ਜਾਣਗੇ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ। 17 ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ। 18 ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ-ਜੁੱਗ ਖੁਸ਼ੀ ਮਨਾਓ ਅਤੇ ਬਾਗ-ਬਾਗ ਹੋਵੋ, ਵੇਖੋ, ਮੈਂ ਯਰੂਸ਼ਲਮ ਲਈ ਅਨੰਦ ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। 19 ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਉਸ ਵਿੱਚ ਫੇਰ ਰੋਣ ਦੀ ਅਵਾਜ਼ ਜਾਂ ਦੁਹਾਈ ਦੀ ਅਵਾਜ਼ ਸੁਣਾਈ ਨਾ ਦੇਵੇਗੀ, 20 ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬਜ਼ੁਰਗ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ, ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ, ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ। 21 ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। 22 ਅਜਿਹਾ ਨਹੀਂ ਹੋਵੇਗਾ ਕਿ ਉਹ ਬਣਾਉਣ ਅਤੇ ਦੂਜਾ ਵੱਸੇ, ਜਾਂ ਉਹ ਲਾਉਣਗੇ ਅਤੇ ਦੂਜਾ ਖਾਵੇ, ਕਿਉਂਕਿ ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮਾਂ ਦਾ ਲੰਮੇ ਸਮੇਂ ਤੱਕ ਅਨੰਦ ਮਾਣਨਗੇ। 23 ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਉਹਨਾਂ ਦੀ ਸੰਤਾਨ ਕਲੇਸ਼ ਲਈ ਜੰਮੇਗੀ, ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਹੋਵਾਹ ਦੀ ਮੁਬਾਰਕ ਅੰਸ ਹੋਣਗੇ। 24 ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ। 25 ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਬੱਬਰ ਸ਼ੇਰ ਬਲ਼ਦ ਵਾਂਗੂੰ ਘਾਹ ਖਾਵੇਗਾ, ਸੱਪ ਦਾ ਭੋਜਨ ਮਿੱਟੀ ਹੀ ਹੋਵੇਗੀ, ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਉਹ ਕਿਸੇ ਨੂੰ ਦੁੱਖ ਦੇਣਗੇ, ਨਾ ਨਾਸ ਕਰਨਗੇ, ਯਹੋਵਾਹ ਫ਼ਰਮਾਉਂਦਾ ਹੈ।