Deuteronomy 22 (IRVP)
1 ਤੂੰ ਆਪਣੇ ਭਰਾ ਦੇ ਗਾਂ-ਬਲ਼ਦ ਜਾਂ ਭੇਡ ਬੱਕਰੀ ਨੂੰ ਗੁਆਚਿਆ ਹੋਇਆ ਵੇਖ ਕੇ ਉਸ ਨੂੰ ਅਣਦੇਖਿਆ ਨਾ ਕਰੀਂ, ਤੂੰ ਜ਼ਰੂਰ ਹੀ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ। 2 ਪਰ ਜੇਕਰ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਏ ਜਾਂ ਤੂੰ ਉਸ ਨੂੰ ਜਾਣਦਾ ਨਾ ਹੋਵੇਂ, ਤਾਂ ਤੂੰ ਉਸ ਪਸ਼ੂ ਨੂੰ ਆਪਣੇ ਘਰ ਲੈ ਜਾਵੀਂ, ਅਤੇ ਜਦ ਤੱਕ ਤੇਰਾ ਭਰਾ ਉਸ ਨੂੰ ਨਾ ਲੱਭੇ, ਉਹ ਤੇਰੇ ਕੋਲ ਰਹੇ, ਫੇਰ ਤੂੰ ਉਸ ਨੂੰ ਮੋੜ ਦੇਵੀਂ। 3 ਤੂੰ ਉਸ ਦੇ ਗਧੇ ਨਾਲ, ਬਸਤਰਾਂ ਨਾਲ ਸਗੋਂ ਆਪਣੇ ਭਰਾ ਦੀ ਹਰੇਕ ਗੁਆਚੀ ਹੋਈ ਚੀਜ਼ ਨਾਲ ਇਸੇ ਤਰ੍ਹਾਂ ਹੀ ਕਰੀਂ, ਜਿਹੜੀ ਉਸ ਤੋਂ ਗੁਆਚੀ ਹੋਵੇ ਅਤੇ ਤੈਨੂੰ ਲੱਭੀ ਹੋਵੇ। ਤੂੰ ਉਸ ਨੂੰ ਅਣਦੇਖਿਆ ਨਾ ਕਰੀਂ। 4 ਤੂੰ ਆਪਣੇ ਭਰਾ ਦੇ ਗਧੇ ਜਾਂ ਬਲ਼ਦ ਨੂੰ ਰਾਹ ਵਿੱਚ ਡਿੱਗਿਆ ਹੋਇਆ ਦੇਖ ਕੇ ਅਣਦੇਖਿਆ ਨਾ ਕਰੀਂ। ਤੂੰ ਜ਼ਰੂਰ ਹੀ ਉਸ ਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀਂ। 5 ਕੋਈ ਇਸਤਰੀ ਪੁਰਖਾਂ ਵਾਲੇ ਬਸਤਰ ਨਾ ਪਾਵੇ ਅਤੇ ਨਾ ਕੋਈ ਪੁਰਖ ਇਸਤਰੀਆਂ ਵਾਲੇ ਬਸਤਰ ਪਾਵੇ, ਕਿਉਂ ਜੋ ਹਰ ਇੱਕ ਜਿਹੜਾ ਅਜਿਹਾ ਕੰਮ ਕਰਦਾ ਹੈ, ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ। 6 ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾਂ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀਂ 7 ਤੂੰ ਬੱਚਿਆਂ ਨੂੰ ਆਪਣੇ ਲਈ ਲੈ ਲੈ, ਪਰ ਮਾਂ ਨੂੰ ਜ਼ਰੂਰ ਹੀ ਛੱਡ ਦੇਵੀਂ, ਤਾਂ ਜੋ ਤੇਰਾ ਭਲਾ ਹੋਵੇ ਅਤੇ ਤੇਰੇ ਜੀਵਨ ਦੇ ਦਿਨ ਲੰਮੇ ਹੋਣ। 8 ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਕਿ ਜੇਕਰ ਕੋਈ ਉੱਥੋਂ ਡਿੱਗ ਪਵੇ ਤਾਂ ਤੂੰ ਉਸ ਦੇ ਖੂਨ ਦਾ ਦੋਸ਼ ਆਪਣੇ ਘਰ ਉੱਤੇ ਨਾ ਲਿਆਵੇਂ। 9 ਤੂੰ ਆਪਣੇ ਅੰਗੂਰੀ ਬਾਗ਼ ਵਿੱਚ ਦੋ ਪ੍ਰਕਾਰ ਦੇ ਬੀਜ ਨਾ ਬੀਜੀਂ, ਅਜਿਹਾ ਨਾ ਹੋਵੇ ਕਿ ਸਾਰੀ ਪੈਦਾਵਾਰ ਅਰਥਾਤ ਤੇਰਾ ਬੀਜਿਆ ਹੋਇਆ ਬੀਜ ਅਤੇ ਬਾਗ਼ ਦੀ ਉਪਜ ਦੋਵੇਂ ਭਰਿਸ਼ਟ ਹੋ ਜਾਣ। 10 ਤੂੰ ਬਲ਼ਦ ਅਤੇ ਗਧੇ ਨਾਲ ਇਕੱਠਾ ਨਾ ਵਾਹੀਂ। 11 ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਾਵੀਂ। 12 ਤੂੰ ਆਪਣੇ ਉਸ ਕੱਪੜੇ ਦੇ ਚਾਰੇ ਪਾਸੇ ਝਾਲਰ ਲਗਾਈਂ, ਜਿਸ ਨਾਲ ਤੂੰ ਆਪ ਨੂੰ ਢੱਕਦਾ ਹੈਂ। 13 ਜੇ ਕੋਈ ਮਨੁੱਖ ਕਿਸੇ ਇਸਤਰੀ ਨਾਲ ਵਿਆਹ ਕਰੇ ਅਤੇ ਉਸ ਦੇ ਕੋਲ ਜਾਵੇ ਅਤੇ ਫੇਰ ਉਸ ਤੋਂ ਨਫ਼ਰਤ ਕਰਨ ਲੱਗੇ, 14 ਅਤੇ ਉਹ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਾਵੇ ਅਤੇ ਇਹ ਆਖ ਕੇ ਉਸ ਨੂੰ ਬਦਨਾਮ ਕਰੇ, “ਮੈਂ ਇਸ ਇਸਤਰੀ ਨਾਲ ਵਿਆਹ ਕੀਤਾ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ,” 15 ਤਾਂ ਉਸ ਕੁੜੀ ਦੇ ਮਾਤਾ-ਪਿਤਾ ਉਸ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ, 16 ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਮਨੁੱਖ ਨਾਲ ਕਰ ਦਿੱਤਾ ਪਰ ਉਹ ਉਸ ਤੋਂ ਨਫ਼ਰਤ ਕਰਦਾ ਹੈ, 17 ਅਤੇ ਵੇਖੋ, ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ, ਪਰ ਇਹ ਮੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ।” ਤਦ ਉਸ ਦੇ ਮਾਤਾ-ਪਿਤਾ ਉਸ ਬਸਤਰ ਨੂੰ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਛਾ ਦੇਣ। 18 ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਫੜ੍ਹ ਕੇ ਉਸ ਨੂੰ ਝਿੜਕਣ, 19 ਅਤੇ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਉਹ ਉਸ ਕੁੜੀ ਦੇ ਪਿਤਾ ਨੂੰ ਦੇ ਦੇਣ, ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਦੀ ਬਦਨਾਮੀ ਕੀਤੀ ਹੈ, ਅਤੇ ਉਹ ਉਸ ਦੀ ਪਤਨੀ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ। 20 ਪਰ ਜੇਕਰ ਇਹ ਗੱਲ ਸੱਚੀ ਹੋਵੇ ਅਤੇ ਉਸ ਕੁੜੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਾ ਪਾਏ ਗਏ ਹੋਣ, 21 ਤਾਂ ਉਹ ਉਸ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਪੁਰਖ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਸ਼ਰਮਿੰਦਗੀ ਦਾ ਕੰਮ ਕੀਤਾ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ। 22 ਜੇਕਰ ਕੋਈ ਮਨੁੱਖ ਕਿਸੇ ਵਿਆਹੀ ਹੋਈ ਇਸਤਰੀ ਨਾਲ ਸੰਗ ਕਰਦਾ ਫੜ੍ਹਿਆ ਜਾਵੇ ਤਾਂ ਉਹ ਪੁਰਖ ਜਿਹੜਾ ਉਸ ਇਸਤਰੀ ਨਾਲ ਪਿਆ ਹੋਇਆ ਸੀ ਅਤੇ ਉਹ ਇਸਤਰੀ ਦੋਵੇਂ ਮਾਰ ਸੁੱਟੇ ਜਾਣ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਇਸਰਾਏਲ ਵਿੱਚੋਂ ਕੱਢ ਸੁੱਟਿਓ। 23 ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ, 24 ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾ ਕੇ ਉਨ੍ਹਾਂ ਨੂੰ ਪੱਥਰਾਂ ਨਾਲ ਅਜਿਹਾ ਮਾਰਿਓ ਕਿ ਉਹ ਮਰ ਜਾਣ, ਉਸ ਕੁੜੀ ਨੂੰ ਤਾਂ ਇਸ ਕਾਰਨ ਕਿ ਸ਼ਹਿਰ ਵਿੱਚ ਹੁੰਦੇ ਹੋਏ ਵੀ ਉਸ ਨੇ ਚੀਕਾਂ ਨਹੀਂ ਮਾਰੀਆਂ ਅਤੇ ਉਸ ਪੁਰਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਦੀ ਬੇਪਤੀ ਕੀਤੀ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ। 25 ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ਼ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਹ ਦੇ ਨਾਲ ਸੰਗ ਕੀਤਾ। 26 ਪਰ ਉਸ ਕੁੜੀ ਨਾਲ ਕੁਝ ਨਾ ਕਰੋ। ਉਸ ਕੁੜੀ ਦਾ ਪਾਪ ਮੌਤ ਦੇ ਯੋਗ ਨਹੀਂ ਹੈ, ਕਿਉਂਕਿ ਜਿਵੇਂ ਕੋਈ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ, ਉਸੇ ਤਰ੍ਹਾਂ ਹੀ ਇਹ ਗੱਲ ਵੀ ਹੈ, 27 ਕਿਉਂ ਜੋ ਉਸ ਪੁਰਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। 28 ਜੇਕਰ ਕੋਈ ਪੁਰਖ ਕਿਸੇ ਕੁਆਰੀ ਨੂੰ ਪਾਵੇ, ਜਿਸ ਦੀ ਮੰਗਣੀ ਅਜੇ ਨਹੀਂ ਹੋਈ ਅਤੇ ਉਸ ਨੂੰ ਫੜ੍ਹ ਕੇ ਉਸ ਨਾਲ ਸੰਗ ਕਰੇ ਅਤੇ ਉਹ ਫੜ੍ਹੇ ਜਾਣ, 29 ਤਾਂ ਉਹ ਪੁਰਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ, ਉਸ ਕੁੜੀ ਦੇ ਪਿਤਾ ਨੂੰ ਪੰਜਾਹ ਸ਼ਕੇਲ ਚਾਂਦੀ ਦੇਵੇ ਅਤੇ ਉਹ ਉਸ ਦੀ ਪਤਨੀ ਹੋਵੇਗੀ, ਕਿਉਂ ਜੋ ਉਸ ਨੇ ਉਹ ਦੀ ਬੇਪਤੀ ਕੀਤੀ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ। 30 ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।
In Other Versions
Deuteronomy 22 in the ANTPNG2D
Deuteronomy 22 in the BNTABOOT
Deuteronomy 22 in the BOHNTLTAL
Deuteronomy 22 in the BOILNTAP
Deuteronomy 22 in the KBT1ETNIK
Deuteronomy 22 in the TBIAOTANT